
ਇਕ ਦੀ ਮੌਤ, ਪੁਲਿਸ ਮੁਲਾਜ਼ਮ ਜ਼ਖ਼ਮੀ; 174 ਦੀ ਹਿਰਾਸਤ ਵਿਚ
ਜੂਨਾਗੜ੍ਹ: ਗੁਜਰਾਤ ਦੇ ਜੂਨਾਗੜ੍ਹ ਸ਼ਹਿਰ ਵਿਚ ਇਕ ਦਰਗਾਹ ਨੂੰ ਢਾਹੁਣ ਦੀ ਨਗਰ ਨਿਗਮ ਦੀ ਯੋਜਨਾ ਵਿਰੁਧ ਲੋਕਾਂ ਦੇ ਇਕ ਸਮੂਹ ਨੇ ਪੁਲਿਸ ਮੁਲਾਜ਼ਮਾਂ ’ਤੇ ਪਥਰਾਅ ਕੀਤਾ ਅਤੇ ਇਕ ਗੱਡੀ ਨੂੰ ਅੱਗ ਲਗਾ ਦਿਤੀ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 5 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸ਼ੁਕਰਵਾਰ ਰਾਤ ਨੂੰ ਜੂਨਾਗੜ੍ਹ ਦੇ ਮਾਜੇਵੜੀ ਦਰਵਾਜ਼ੇ ਦੇ ਕੋਲ ਵਾਪਰੀ। ਇਸ ਦੌਰਾਨ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ ਅਤੇ ਬਾਅਦ ਵਿਚ 174 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ।
ਵਿਅਕਤੀ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਲੱਗੇਗਾ, ਪਰ ਪੁਲਿਸ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਭੀੜ ਵਲੋਂ ਪਥਰਾਅ ਕਰਨ ਕਾਰਨ ਹੋਈ ਹੋ ਸਕਦੀ ਹੈ।
ਪੁਲਿਸ ਸੁਪਰਡੈਂਟ ਰਵੀ ਤੇਜਾ ਵਸਮਸ਼ੇਟੀ ਨੇ ਕਿਹਾ, ‘‘14 ਜੂਨ ਨੂੰ, ਜੂਨਾਗੜ੍ਹ ਨਗਰ ਨਿਗਮ ਨੇ ਮਜੇਵੜੀ ਦਰਵਾਜ਼ਾ ਨੇੜੇ ਇਕ ਮਸਜਿਦ ਨੂੰ ਜ਼ਮੀਨ ਦੇ ਸਿਰਲੇਖ ਦੇ ਦਸਤਾਵੇਜ਼ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ। ਨੋਟਿਸ ਤੋਂ ਨਾਰਾਜ਼ ਹੋ ਕੇ ਸ਼ੁਕਰਵਾਰ ਰਾਤ ਕਰੀਬ 500-600 ਲੋਕ ਧਾਰਮਿਕ ਇਮਾਰਤ ਦੇ ਨੇੜੇ ਇਕੱਠੇ ਹੋ ਗਏ ਅਤੇ ਸੜਕਾਂ ਜਾਮ ਕਰ ਦਿਤੀਆਂ।
ਇਹ ਵੀ ਪੜ੍ਹੋ: ਇੰਫਾਲ 'ਚ ਸੁਰੱਖਿਆ ਬਲਾਂ ਅਤੇ ਭੀੜ ਵਿਚਾਲੇ ਝੜਪ
ਉਨ੍ਹਾਂ ਦਸਿਆ ਕਿ ਮੌਕੇ ’ਤੇ ਮੌਜੂਦ ਜੂਨਾਗੜ੍ਹ ਦੇ ਉਪ ਪੁਲਿਸ ਕਪਤਾਨ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮਾਮਲੇ ਦਾ ਸ਼ਾਂਤਮਈ ਹੱਲ ਕੱਢਣ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾਉਣ ਦੇ ਉਦੇਸ਼ ਨਾਲ ਕਰੀਬ ਇਕ ਘੰਟਾ ਗੱਲਬਾਤ ਹੋਈ, ਪਰ ਇਸ ਤੋਂ ਬਾਅਦ ਰਾਤ ਕਰੀਬ 10.15 ਵਜੇ ਕੁਝ ਲੋਕਾਂ ਨੇ ਪੁਲਿਸ ਵਾਲਿਆਂ ’ਤੇ ਪੱਥਰ ਸੁੱਟੇ।
ਪੁਲਿਸ ਸੁਪਰਡੈਂਟ ਨੇ ਦਸਿਆ ਕਿ ਦਰਗਾਹ ਨੂੰ ਨੋਟਿਸ ਦਿਤੇ ਜਾਣ ਤੋਂ ਗੁੱਸੇ ’ਚ ਆਏ ਕੁਝ ਲੋਕ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਵਲ ਵਧੇ ਅਤੇ ਉਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਬੇਕਾਬੂ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ।
ਵਾਸਮਸ਼ੇਟੀ ਨੇ ਦਸਿਆ ਕਿ ਘਟਨਾ ’ਚ ਜੂਨਾਗੜ੍ਹ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ, ਤਿੰਨ ਸਬ-ਇੰਸਪੈਕਟਰ ਅਤੇ ਦੋ ਹੋਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ, ਹਾਲਾਂਕਿ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਸ ਨੇ ਦਸਿਆ ਕਿ ਭੀੜ ਨੇ ਇਕ ਗੱਡੀ ਨੂੰ ਵੀ ਅੱਗ ਲਗਾ ਦਿਤੀ।
ਉਨ੍ਹਾਂ ਕਿਹਾ, ‘‘ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਸ਼ਾਇਦ ਪੱਥਰਬਾਜ਼ੀ ਉਸ ਦੀ ਮੌਤ ਦਾ ਕਾਰਨ ਹੈ।’’ ਪਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣ ਲਈ ਪੋਸਟਮਾਰਟਮ ਰੀਪੋਰਟ ਦੀ ਉਡੀਕ ਹੈ। ਪੁਲਿਸ ਨੇ ਇਸ ਮਾਮਲੇ ’ਚ 174 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਵਾਸਮਸ਼ੇਟੀ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਲਾਕੇ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਹਿੰਸਾ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।