
ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਇਕ ਆਦਿਵਾਸੀ ਟਰੱਕ ਡਰਾਈਵਰ ਅਤੇ ਉਸ ਦੇ ਦੋ ਦੋਸਤਾਂ ਨੂੰ ਨੰਗਾ ਕਰ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 11 ਜੁਲਾਈ ਦੀ ਹੈ.......
ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਇਕ ਆਦਿਵਾਸੀ ਟਰੱਕ ਡਰਾਈਵਰ ਅਤੇ ਉਸ ਦੇ ਦੋ ਦੋਸਤਾਂ ਨੂੰ ਨੰਗਾ ਕਰ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 11 ਜੁਲਾਈ ਦੀ ਹੈ। ਉਸ ਸਮੇਂ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਸੀ ਪਰ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਅਤੇ ਦੋ ਲੋਕਾਂ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ। ਦੋਸ਼ੀਆਂ ਦੀ ਪਛਾਣ ਗੁੱਡੂ ਸ਼ਰਮਾ ਅਤੇ ਸ਼ੇਰੂ ਦੇ ਨਾਮ ਨਾਲ ਕੀਤੀ ਗਈ ਹੈ।
ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਤੋਂ ਹੀ ਦੋਵੇਂ ਦੋਸ਼ੀ ਫ਼ਰਾਰ ਹਨ, ਜਿਨ੍ਹਾਂ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ। ਪੀੜਤਾਂ ਦੀ ਪਛਾਣ ਸੁਰੇਸ਼ ਠਾਕੁਰ, ਅਸ਼ੀਸ਼ ਗੋਂਡ ਅਤੇ ਗੋਲੂ ਠਾਕੁਰ ਦੇ ਰੂਪ ਵਿਚ ਹੋਈ ਹੈ। ਤਿੰਨੇ ਹੀ ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਦੋਹੇ ਦੋਸ਼ੀ ਹੱਥ ਵਿਚ ਬਾਸਕਟਬਾਲ ਲਈ ਖੜ੍ਹੇ ਹਨ ਅਤੇ ਡੀਜ਼ਲ ਚੋਰੀ ਦੇ ਸ਼ੱਕ ਵਿਚ ਟਰੱਕ ਡਰਾਈਵਰ ਨੂੰ ਨੰਗਾ ਕਰ ਕੇ ਬੇਰਹਿਮੀ ਨਾਲ ਕੁੱਟ ਰਹੇ ਹਨ। ਪੀੜਤ ਨੂੰ ਕੁੱਟਦੇ ਸਮੇਂ ਦੋਸ਼ੀ ਗੁੱਡੂ ਲਗਾਤਾਰ ਗਾਲ੍ਹਾਂ ਦੇ ਰਿਹਾ ਹੈ ਅਤੇ ਉਨ੍ਹਾਂ ਤੋਂ ਪੁੱਛ ਰਿਹਾ ਹੈ ਕਿ ਉਨ੍ਹਾਂ ਨੇ ਕਿੰਨਾ ਡੀਜ਼ਲ ਚੋਰੀ ਕੀਤਾ ਹੈ?
ਵੀਡੀਓ ਵਿਚ ਦੋਸ਼ੀ ਉਨ੍ਹਾਂ ਨੂੰ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇੰਨਾ ਕੁੱਟਾਂਗੇ ਕਿ ਜਦੋਂ ਵੀ ਤੁਹਾਡੇ ਦਰਦ ਹੋਵੇਗਾ, ਤੁਹਾਨੂੰ ਡੀਜ਼ਲ ਚੋਰੀ ਯਾਦ ਆਏਗੀ। ਉਥੇ ਦੂਜਾ ਦੋਸ਼ੀ ਜਿਸ ਨੇ ਇਸ ਪੂਰੀ ਘਟਨਾ ਦਾ ਅਪਣੇ ਮੋਬਾਈਲ ਵਿਚ ਵੀਡੀਓ ਬਣਾÎÂਆ ਹੈ, ਪੀੜਤਾਂ ਨੂੰ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ਤੁਸੀਂ ਜ਼ੁਰਮ ਕੀਤਾ ਹੈ, ਹੁਣ ਉਸ ਦੀ ਸਜ਼ਾ ਵੀ ਭੁਗਤਣੀ ਹੀ ਪਵੇਗੀ।
ਦਸ ਦਈਏ ਕਿ ਜਿਸ ਸਮੇਂ ਇਹ ਪੂਰੀ ਘਟਨਾ ਹੋ ਰਹੀ ਸੀ ਤਾਂ ਉਸ ਸਮੇਂ ਆਸਪਾਸ ਕਈ ਲੋਕ ਮੌਜੂਦ ਸਨ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਪੀੜਤ ਪੱੱਖ ਦੀ ਮਦਦ ਕਰਨ ਲਈ ਕੋਈ ਅੱਗੇ ਨਹੀਂ ਆਇਆ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤ ਵਿਚ ਪੀੜਤ ਐਫਆਈਆਰ ਦਰਜ ਕਰਵਾਉਣ ਲਈ ਤਿਆਰ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਅਪਣੀ ਜਾਨ ਦਾ ਖ਼ਤਰਾ ਸੀ ਪਰ ਬਾਅਦ ਵਿਚ ਦੋਸ਼ੀਆਂ ਦੇ ਵਿਰੁਧ ਕੇਸ ਦਰਜ ਕਰ ਲਿਆ ਗਿਆ।
(ਪੀ.ਟੀ.ਆਈ.)