
ਜਿਸ ਵਿਅਕਤੀ ਨੂੰ ਨਵਾਂ ਠੇਕਾ ਦਿੱਤਾ ਗਿਆ ਹੈ ਉਹ ਸਕਿਓਰਿਟੀ ਵਜੋਂ ਚਾਰ ਮਹੀਨਿਆਂ ਦਾ ਕਿਰਾਇਆ 7.2 ਕਰੋੜ ਰੁਪਏ ਐਡਵਾਂਸ ਜਮ੍ਹਾਂ ਕਰਵਾਏਗਾ।
ਚੰਡੀਗੜ੍ਹ: ਪੀਜੀਆਈ ਦੀ ਐਮਰਜੈਂਸੀ ਵਿਚ ਕੈਮਿਸਟ ਦੀਆਂ ਦੁਕਾਨਾਂ ਦਾ ਮਹੀਨਾਵਾਰ ਕਿਰਾਇਆ ਜੋ 1.5 ਕਰੋੜ ਰੁਪਏ ਸੀ ਹੁਣ ਖੁੱਲ੍ਹੀ ਬੋਲੀ ਵਿਚ ਵਧ ਕੇ 1.8 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਇਕਰਾਰਨਾਮੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਜਿਸ ਵਿਅਕਤੀ ਨੂੰ ਨਵਾਂ ਠੇਕਾ ਦਿੱਤਾ ਗਿਆ ਹੈ ਉਹ ਸਕਿਓਰਿਟੀ ਵਜੋਂ ਚਾਰ ਮਹੀਨਿਆਂ ਦਾ ਕਿਰਾਇਆ 7.2 ਕਰੋੜ ਰੁਪਏ ਐਡਵਾਂਸ ਜਮ੍ਹਾਂ ਕਰਵਾਏਗਾ।
ਇਕ ਫੈਕਲਟੀ ਮੈਂਬਰ ਨੇ ਕਿਹਾ, " ਜੈਨਰਿਕ ਦਵਾਈਆਂ ਵਿਚ 30% ਤੱਕ ਦੀ ਛੋਟ ਦੇ ਨਿਯਮ ਅਤੇ ਸ਼ਰਤਾਂ ਪਹਿਲਾਂ ਵਾਂਗ ਰਹਿਣ ਦੇ ਬਾਵਜੂਦ ਮਰੀਜ਼ਾਂ ਨੂੰ ਭਾਰੀ ਕੀਮਤਾਂ ਦੀ ਮਾਰ ਝੱਲਣੀ ਪਵੇਗੀ, ਉਹਨਾਂ ਨੂੰ ਉੱਥੇ ਕਿਸੇ ਵੀ ਖਰੀਦ ਲਈ ਵਧੇਰੇ ਭੁਗਤਾਨ ਕਰਨਾ ਪਵੇਗਾ।" ਜਨਤਕ ਹਸਪਤਾਲ ਦੇ ਅੰਦਰ ਇਕ ਕੈਮਿਸਟ ਦੀ ਦੁਕਾਨ ਲਈ ਕਿਰਾਇਆ ਦੇਸ਼ ਵਿਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ। ਨਵੇਂ ਅਲਾਟੀ ਬਾਰੇ ਪੁਸ਼ਟੀ ਕਰਦਿਆਂ ਪੀਜੀਆਈ ਪ੍ਰਸ਼ਾਸਨ ਦੇ ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਨੇ ਕਿਹਾ, " ਪਿਛਲੇ ਠੇਕੇਦਾਰ ਦੀ ਮਿਆਦ ਖਤਮ ਹੋ ਗਈ ਸੀ ਅਤੇ ਨਵੇਂ ਠੇਕੇਦਾਰ ਲਈ ਓਪਨ ਬਿਡਿੰਗ 1.8 ਕਰੋੜ ਰੁਪਏ ਦੀ ਹੋਈ ਹੈ, ਜਿਸ ਵਿਚ ਜੀਐਸਟੀ ਵੀ ਸ਼ਾਮਲ ਹੈ।"
ਆਰਟੀਆਈ ਅਨੁਸਾਰ ਪੀਜੀਆਈ ਵਿਚ 19 ਕੈਮਿਸਟ ਦੀਆਂ ਦੁਕਾਨਾਂ ਹਨ। ਪੀਜੀਆਈ ਨੂੰ ਕੈਮਿਸਟ ਦੀਆਂ ਦੁਕਾਨਾਂ ਤੋਂ ਕੁੱਲ ਮਹੀਨਾਵਾਰ ਕਿਰਾਇਆ 2 ਕਰੋੜ ਰੁਪਏ ਮਿਲਦਾ ਹੈ, ਜਦਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ) ਸੈਕਟਰ 32 ਜਿਸ ਵਿਚ ਅੱਠ ਕੈਮਿਸਟ ਦੀਆਂ ਦੁਕਾਨਾਂ ਹਨ, ਨੂੰ 60 ਲੱਖ ਰੁਪਏ ਦਾ ਮਹੀਨਾਵਾਰ ਕਿਰਾਇਆ ਮਿਲਦਾ ਹੈ। ਆਰਟੀਆਈ ਦਾਇਰ ਕਰਨ ਵਾਲੇ ਸੈਕਟਰ 22 ਦੇ ਵਸਨੀਕ ਪ੍ਰਿੰਸ ਭਾਦੁਲਾ ਨੇ ਕਿਹਾ, "ਪੀਜੀਆਈ ਨੂੰ ਇਹ ਦੁਕਾਨ ਬਿਨਾਂ ਕਿਸੇ ਕਿਰਾਏ ਦੇ ਸਰਕਾਰੀ ਦੁਕਾਨ ਨੂੰ ਦੇਣੀ ਚਾਹੀਦੀ ਸੀ ਕਿਉਂਕਿ ਇਸ ਦਾ ਉਦੇਸ਼ ਪੈਸਾ ਕਮਾਉਣਾ ਨਹੀਂ ਸਗੋਂ ਸਰਕਾਰ ਦੁਆਰਾ ਚਲਾਏ ਜਾ ਰਹੇ ਡਰੱਗ ਸਟੋਰਾਂ ਦੁਆਰਾ ਗਰੀਬ ਮਰੀਜ਼ਾਂ ਨੂੰ ਸਸਤੇ ਮੁੱਲ 'ਤੇ ਦਵਾਈਆਂ ਮੁਹੱਈਆ ਕਰਵਾਉਣਾ ਹੈ”।
ਪਿਛਲਾ ਠੇਕਾ ਖਤਮ ਹੋਣ ਕਾਰਨ ਐਮਰਜੈਂਸੀ ਦੀ ਦੁਕਾਨ ਦੋ ਦਿਨਾਂ ਤੋਂ ਬੰਦ ਹੈ। ਮਰੀਜ਼ ਐਡਵਾਂਸਡ ਟਰੌਮਾ ਸੈਂਟਰ ਵਿਖੇ AMRIT ਫਾਰਮੇਸੀ ਵਿਚ ਜਾ ਰਹੇ ਹਨ। ਪੀਜੀਆਈ ਵਿਚ ਐਮਰਜੈਂਸੀ ਦੇ ਅਟੈਂਡੈਂਟ ਨੇ ਕਿਹਾ, "ਐਮਰਜੈਂਸੀ ਸਮੇਂ ਬਹਿਸ ਕਰਨਾ ਅਤੇ ਬਿੱਲ ਜਾਂ ਰਿਆਇਤ ਮੰਗਣਾ ਮੁਸ਼ਕਲ ਹੋ ਜਾਂਦਾ ਹੈ। ਇਹ ਕੈਮਿਸਟ ਸਥਿਤੀ ਦਾ ਫਾਇਦਾ ਉਠਾਉਂਦੇ ਹਨ"।