
ਦੇਸ਼ ਭਗਤਾਂ ਨੂੰ ਲੈ ਕੇ ਅਜੇ ਵੀ ਦੇਸ਼ ਦੇ ਕੁਝ ਲੋਕਾਂ ਵਿਚ ਮਤਭੇਦ ਹਨ ਅਤੇ ਇਨ੍ਹਾਂ ਮਤਭੇਦਾਂ ਦੇ ਚਲਦੇ ਲੋਕਾਂ ਦੀ ਨਫਰਤ ਦਾ ਸ਼ਿਕਾਰ ਦੇਸ਼ ਦੀ ਖ਼ਾਤਿਰ
ਚੰਡੀਗੜ੍ਹ : (ਸ.ਸ.ਸ) ਦੇਸ਼ ਭਗਤਾਂ ਨੂੰ ਲੈ ਕੇ ਅਜੇ ਵੀ ਦੇਸ਼ ਦੇ ਕੁਝ ਲੋਕਾਂ ਵਿਚ ਮਤਭੇਦ ਹਨ ਅਤੇ ਇਨ੍ਹਾਂ ਮਤਭੇਦਾਂ ਦੇ ਚਲਦੇ ਲੋਕਾਂ ਦੀ ਨਫਰਤ ਦਾ ਸ਼ਿਕਾਰ ਦੇਸ਼ ਦੀ ਖ਼ਾਤਿਰ ਕੁਰਬਾਨ ਹੋਣ ਵਾਲੇ ਗਰਮ ਖਿਆਲੀਆਂ ਸਭ ਤੋਂ ਜਿਆਦਾ ਹੁੰਦੇ ਹਨ | ਅਜਿਹੀ ਹੀ ਇੱਕ ਘਟਨਾ ਤਾਮਿਲਨਾਡੂ ਵਿਚ ਦੇਖਣ ਨੂੰ ਮਿਲੀ ਹੈ ਜਿਥੇ ਇਕ ਵਿਦਿਆਰਥਣ ਨੂੰ ਕਾਲਜ ਵਿਚੋਂ ਸਿਰਫ ਇਸ ਲਈ ਕੱਢ ਦਿੱਤਾ ਗਿਆ, ਕਿਉਂਕਿ ਉਸ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਸੀ।
ਤਾਮਿਲਨਾਡੂ ਦੇ ਕੋਇੰਬੇਟੂਰ ਗੌਰਮਿੰਟ ਆਰਟਸ ਕਾਲਜ ਦੀ ਵਿਦਿਆਰਥਣ ਮਾਲਨੀ ਉਤੇ ਦੋਸ਼ ਹਨ ਕਿ ਉਸ ਨੇ ਬਿਨਾਂ ਐਸਓਡੀ ਦੀ ਮਨਜ਼ੂਰੀ ਤੋਂ ਕਾਲਜ ਕੈਂਪਸ ਵਿਚ ਭਗਤ ਸਿੰਘ ਜਯੰਤੀ ਸਮਾਗਮ ਕਰਵਾਇਆ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ | ਮਿਲੀ ਜਾਣਕਾਰੀ ਮੁਤਾਬਿਕ ਪ੍ਰਿੰਸੀਪਲ ਨੇ ਮਾਲਨੀ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਤੇ ਵਿਭਾਗੀ ਪੱਧਰ ਉਤੇ ਗੱਲ ਕਰਨ ਲਈ ਕਿਹਾ ਸੀ | ਉਧਰ ਵਿਭਾਗ ਦੇ ਐਚਓਡੀ ਦੀ ਛੁੱਟੀ ਹੋਣ ਕਾਰਨ ਮਾਲਨੀ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਟਿਊਟਰ ਤੋਂ ਇਜਾਜ਼ਤ ਮੰਗੀ, ਪਰ ਉਸ ਨੇ ਵੀ ਹਾਮੀ ਨਾ ਭਰੀ।
ਇਸ ਸਭ ਦੇ ਚਲਦੇ ਉਦੋਂ ਤੱਕ ਵਿਦਿਆਰਥੀਆਂ ਨੇ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਸੀ । ਜਿਸ ਤੇ ਕਾਲਜ ਪ੍ਰਸ਼ਾਸਨ ਨੇ ਇਸ ਸਮਾਗਮ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੰਦੇ ਹੋਏ ਮਾਲਨੀ ਨੂੰ ਕਾਲਜ ਵਿਚੋਂ ਕੱਢ ਦਿੱਤਾ | ਪਰ ਦੇਖਿਆ ਜਾਵੇ ਤਾ ਕਾਲਜ ਪ੍ਰਸ਼ਾਸਨ ਵੱਲੋਂ ਲਏ ਗਏ ਇਸ ਫੈਸਲੇ ਨਾਲ ਦੇਸ਼ ਭਗਤ ਵੱਲੋਂ ਕੀਤੀ ਗਈ ਕੁਰਬਾਨੀ ਨੂੰ ਠੇਸ ਲੱਗੀ ਹੈ ਅਤੇ ਸ਼ਹੀਦ ਭਗਤ ਸਿੰਘ ਦੇ ਉਪਸਕਾਂ ਵਿਚ ਇਸ ਮਤਭੇਦ ਨੂੰ ਲੈ ਕੇ ਰੋਸ ਦੀ ਲਹਿਰ ਹੈ | ਕਿਉਂ ਕਿ ਭਗਤ ਸਿੰਘ ਵੱਲੋਂ ਦਿਤੇ ਗਏ ਬਲੀਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਭਗਤ ਸਿੰਘ ਨੇ ਬਹੁਤ ਛੋਟੀ ਉਮਰ ਵਿਚ ਅੰਗਰੇਜ ਹਾਕਮਾਂ ਦੀਆਂ ਜੜਾਂ ਨੂੰ ਉਖਾੜ ਦਿੱਤਾ ਸੀ |
ਬੇਸ਼ੱਕ ਕਾਲਜ ਪ੍ਰਸ਼ਾਸਨ ਵੱਲੋਂ ਇਸਨੂੰ ਅਨੁਸ਼ਾਸਨਹੀਣਤਾ ਕਰਾਰ ਦਿੱਤਾ ਗਿਆ ਹੈ ਪਰ ਇੱਕ ਦੇਸ਼ ਭਗਤ ਦੇ ਜਨਮ ਦਿਨ ਮਨਾਉਣ 'ਤੇ ਕਾਲਜ ਵਿਚੋਂ ਕੱਢ ਦੇਣਾ ਸਹੀ ਫੈਸਲਾ ਨਹੀਂ ਹੈ, ਕਿਉਂ ਕਿ ਉਸ ਵਿਦਿਆਰਥਣ ਨੇ ਇਕ ਆਜ਼ਾਦੀ ਘੁਲਾਟੀਏ ਦਾ ਜਨਮ ਦਿਨ ਮਨਾਇਆ ਸੀ, ਨਾ ਕਿ ਆਪਣੇ ਦੋਸਤ ਜਾਂ ਸਹੇਲੀ ਦਾ | ਖੈਰ ਕਾਲਜ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿਚ 22 ਅਕਤੂਬਰ ਨੂੰ ਮਾਲਨੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਫਿਰ ਫੈਸਲਾ ਲਿਆ ਜਾਵੇਗਾ ਕਿ ਉਸ ਨੂੰ ਵਾਪਸ ਕਾਲਜ ਦਾਖਲੇ ਦੀ ਆਗਿਆ ਦੇਣੀ ਹੈ ਜਾਂ ਨਹੀਂ।