
ਔਰਤਾਂ ਨੇ ਇਕ ਆਈਏਐਸ ਨਗਰ ਨਿਗਮ ਕਮਿਸ਼ਨਰ ਦੇ ਚੈਂਬਰ ਵਿਚ ਵੜ ਕੇ ਪਹਿਲਾਂ ਜੰਮ ਕੇ ਹੰਗਾਮਾ ਕੀਤਾ
ਮੱਧ ਪ੍ਰਦੇਸ਼: ਔਰਤਾਂ ਨੇ ਇਕ ਆਈਏਐਸ ਨਗਰ ਨਿਗਮ ਕਮਿਸ਼ਨਰ ਦੇ ਚੈਂਬਰ ਵਿਚ ਵੜ ਕੇ ਪਹਿਲਾਂ ਜੰਮ ਕੇ ਹੰਗਾਮਾ ਕੀਤਾ ਅਤੇ ਬਾਅਦ ਵਿਚ ਭਾਜਪਾ ਦੀਆਂ ਮਹਿਲਾ ਆਗੂਆਂ ਨੇ ਕਾਲੀਆਂ ਅਤੇ ਲਾਲ ਚੂੜੀਆਂ ਕਮਿਸ਼ਨਰ ‘ਤੇ ਸੁੱਟੀਆਂ। ਕਮਿਸ਼ਨਰ ਨੇ ਕਿਹਾ ਕਿ ਮੈ ਸਕਾਰਾਤਮਕ ਸੋਚ ਦਾ ਹਾਂ। ਚੂੜੀਆਂ ਹੀ ਦੇਣੀਆਂ ਹਨ ਤਾਂ ਇਹ ਔਰਤਾਂ ਕਰਵਾ ਚੌਥ ‘ਤੇ ਗਰੀਬ ਔਰਤਾਂ ਨੂੰ ਚੂੜੀਆਂ ਦਾਨ ਕਰ ਦੇਣ, ਉਹਨਾਂ ਤੋਂ ਦੁਆ ਮਿਲੇਗੀ।
ਨਗਰ ਨਿਗਮ ਕਮਿਸ਼ਨਰ ਸਭਾਜੀਤ ਯਾਦਵ ਹਰ ਰੋਜ਼ ਦੀ ਤਰ੍ਹਾਂ ਦਫ਼ਤਰ ਵਿਚ ਬੈਠੇ ਸੀ। ਇਸੇ ਦੌਰਾਨ ਭਾਜਪਾ ਮਹਿਲਾ ਮੋਰਚਾ ਦੀਆਂ ਔਰਤਾਂ ਨੇ ਜੰਮ ਕੇ ਹੰਗਾਮਾ ਕੀਤਾ। ਔਰਤਾਂ ਨੇ ਉਹਨਾਂ ‘ਤੇ ਚੂੜੀਆਂ ਸੁੱਟੀਆਂ ਅਤੇ ਉਹਨਾਂ ਨੂੰ ਸਾੜੀ ਪਹਿਨਾਉਣ ਦੀ ਵੀ ਕੋਸ਼ਿਸ਼ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਇਸ ਦੌਰਾਨ ਮੌਕੇ ‘ਤੇ ਮੌਜੂਦ ਦੀ ਪਰ ਉਹ ਔਰਤਾਂ ਨੂੰ ਰੋਕ ਨਹੀਂ ਸਕੀ। ਭਾਜਪਾ ਮਹਿਲਾ ਮੋਰਚਾ ਕਮਿਸ਼ਨਰ ਦੇ ਕੰਮ ਕਰਨ ਦੇ ਤਰੀਕੇ ਤੋਂ ਨਰਾਜ਼ ਹੈ।
ਉੱਥੇ ਹੀ ਇਸ ਪੂਰੇ ਮਾਮਲੇ ਨੂੰ ਕਮਿਸ਼ਨਰ ਸਭਾਜੀਤ ਯਾਦਵ ਨੇ ਸਿਆਸੀ ਪਾਰਟੀਆਂ ਦਾ ਵਿਰੋਧ ਕਰਨ ਦਾ ਤਰੀਕਾ ਮੰਨਿਆ ਹੈ। ਉਹਨਾਂ ਨੇ ਇਸ ਘਟਨਾ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਪਰ ਇਕ ਨਸੀਹਤ ਜ਼ਰੂਰ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਂ ਵਿਕਾਸ ਕਾਰਜ ਕਰ ਰਿਹਾ ਹਾਂ ਤਾਂ ਕੁਝ ਲੋਕਾਂ ਨੂੰ ਤਕਲੀਫ਼ ਹੋ ਰਹੀ ਹੈ।
ਨਗਰ ਨਿਗਮ ਰੀਵਾ ਵਿਚ ਸਭਾਜੀਤ ਯਾਦਵ ਨੇ ਜਦ ਤੋਂ ਅਹੁਦਾ ਸੰਭਾਲਿਆ ਹੈ, ਭਾਜਪਾ ਲਗਾਤਾਰ ਵਿਰੋਧ ਕਰ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਸੰਸਦ ਮੈਂਬਰ ਨੇ ਆਈਏਐਸ ਸਭਾਜੀਤ ਨੂੰ ਜ਼ਮੀਨ ਵਿਚ ਜ਼ਿੰਦਾ ਦਫਨਾਉਣ ਦੀ ਚੇਤਾਵਨੀ ਦਿੱਤੀ ਸੀ। ਦਰਅਸਲ ਕਮਿਸ਼ਨਰ ਨੇ ਨਗਰ ਨਿਗਮ ਵਿਚ ਭਾਜਪਾ ਸਰਕਾਰ ਦੌਰਾਨ ਹੋਏ ਕਈ ਘੋਟਾਲੇ ਉਜਾਗਰ ਕੀਤੇ ਹਨ। ਇਸ ਤੋਂ ਬਾਅਦ ਭਾਜਪਾ ਸਮਰਥਕ ਉਹਨਾਂ ‘ਤੇ ਹਮਲੇ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ