
ਸੀਬੀਐਸਈ ਨੇ ਵਿਦਿਆਰਥੀਆਂ ਲਈ ਬੋਰਡ ਦੀ ਪ੍ਰੀਖਿਆ ਅਸਾਨ ਕੀਤੀ
ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਲਈ ਬੋਰਡ ਦੀ ਪ੍ਰੀਖਿਆ ਬੇਹੱਦ ਅਸਾਨ ਕਰ ਦਿੱਤੀ ਹੈ। ਇਸ ਵਾਰ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਸਿਲੇਬਸ ਵੀ ਘੱਟ ਹੈ ਤੇ ਉਹਨਾਂ ਲਈ ਪ੍ਰੀਖਿਆ ਪਾਸ ਕਰਨਾ ਵੀ ਆਸਾਨ ਹੋਵੇਗਾ।
CBSE Exams
ਸੀਬੀਐਸਈ ਨੇ ਜ਼ਿਆਦਾਤਰ ਵਿਸ਼ਿਆਂ ਵਿਚ ਸਿਲੇਬਸ ਘੱਟ ਕੀਤਾ ਹੈ, ਇਸ ਨਾਲ ਵਿਦਿਆਰਥੀਆਂ 'ਤੇ ਪੂਰਾ ਸਿਲੇਬਸ ਪੜ੍ਹਨ ਦਾ ਦਬਾਅ ਨਹੀਂ ਹੋਵੇਗਾ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸੀਬੀਐਸਈ ਨੇ ਸਿਲੇਬਸ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਹਰੇਕ ਵਿਸ਼ੇ ਵਿਚੋਂ ਚਾਰ ਤੋਂ ਪੰਜ ਪਾਠ ਘੱਟ ਕੀਤੇ ਗਏ ਹਨ।
CBSE
10ਵੀਂ ਅਤੇ 12ਵੀਂ ਦੇ ਪ੍ਰੈਕਟੀਕਲ ਵਿਸ਼ਿਆਂ ਤੋਂ ਇਲਾਵਾ 20 ਨੰਬਰ ਦਾ ਅੰਦਰੂਨੀ ਮੁਲਾਂਕਣ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਪਾਸ ਹੋਣ ਲਈ ਅੰਦਰੂਨੀ ਮੁਲਾਂਕਣ ਵਿਚ 6 ਨੰਬਰ ਲੈਣਾ ਲਾਜ਼ਮੀ ਹੋਵੇਗਾ।
CBSE
ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਵਿਸ਼ਾ ਪਾਸ ਕਰਨ ਲਈ 70 ਵਿਚੋਂ ਸਿਰਫ਼ 23 ਅੰਕ ਹੀ ਹਾਸਲ ਕਰਨੇ ਹੋਣਗੇ। ਇਸ ਤੋਂ ਇਲਾਵਾ 80 ਨੰਬਰ ਵਾਲੇ ਵਿਸ਼ਿਆਂ ਵਿਚੋਂ ਵਿਦਿਆਰਥੀਆਂ ਨੂੰ 26 ਅੰਕ ਹਾਸਲ ਕਰਨੇ ਪੈਣਗੇ। ਸੀਬੀਐਸਈ ਦੀ ਪ੍ਰੈਕਟੀਕਲ ਪ੍ਰੀਖਿਆ ਵਿਚ ਵਿਦਿਆਰਥੀਆਂ ਨੂੰ 30 ਵਿਚੋਂ 9 ਅੰਕ ਲੈਣੇ ਲਾਜ਼ਮੀ ਹੋਣਗੇ।