
ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿਚ ਚੋਰੀ ਦੇ ਦੋਸ਼ ਹੇਠ ਤਿੰਨ ਜਣਿਆਂ ਦੀ ਪੇਂਡੂਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ.....
ਬਿਹਾਰਸ਼ਰੀਫ਼ : ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿਚ ਚੋਰੀ ਦੇ ਦੋਸ਼ ਹੇਠ ਤਿੰਨ ਜਣਿਆਂ ਦੀ ਪੇਂਡੂਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਨਾਜ਼ੁਕ ਹੈ। ਘਟਨਾ ਬੁਧਵਾਰ ਰਾਤ ਦੀ ਹੈ। ਪੁਲਿਸ ਅਧਿਕਾਰੀ ਮੁਤਫ਼ਿਕ ਅਹਿਮਦ ਨੇ ਦਸਿਆ ਕਿ ਮ੍ਰਿਤਕਾਂ ਦਾ ਨਾਮ ਅਜੇ ਕੁਮਾਰ ਅਤੇ ਮੁਹੰਮਦ ਸਦਾਮ ਹੈ ਜਿਹੜੇ ਇਸਲਾਮਾਪੁਰ ਥਾਣੇ ਅਧੀਨ ਮਾਲੀ ਟੋਲਾ ਪਿੰਡ ਦੇ ਨਿਵਾਸੀ ਹਨ। ਉਨ੍ਹਾਂ ਦਸਿਆ ਕਿ ਅਜੇ ਦਾ ਅਪਰਾਧਕ ਇਤਿਹਾਸ ਰਿਹਾ ਹੈ ਅਤੇ ਉਸ ਵਿਰੁਧ ਸੱਤ ਹੋਰ ਅਪਰਾਧਕ ਮਾਮਲੇ ਦਰਜ ਹਨ।
ਅਹਿਮਦ ਨੇ ਦਸਿਆ ਕਿ ਬੁਰੀ ਤਰ੍ਹਾਂ ਕੁਟਾਪੇ ਨਾਲ ਗੰਭੀਰ ਜ਼ਖ਼ਮੀ ਸੰਤੂ ਕੁਮਾਰ ਅਤੇ ਮੁਹੰਮਦ ਸਦਾਮ ਨੂੰ ਬਿਹਤਰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਤੇ ਬਾਅਦ ਵਿਚ ਸਦਾਮ ਦੀ ਹਸਪਤਾਲ ਵਿਚ ਮੌਤ ਹੋ ਗਈ। ਸਦਾਮ ਕਿਸੇ ਅਪਰਾਧਕ ਮਾਮਲੇ ਵਿਚ ਪਹਿਲਾਂ ਜੇਲ ਜਾ ਚੁੱਕਾ ਸੀ। ਉਨ੍ਹਾਂ ਦਸਿਆ ਕਿ ਇਸਲਾਮਪੁਰ ਥਾਣਾ ਅਧੀਨ ਪੈਂਦੇ ਪਿੰਡ ਬਰਡੀਹ ਦੇ ਕੁਮਾਰ ਅਤੇ ਮਿਥਲੇਸ਼ ਪ੍ਰਸਾਦ ਦੇ ਘਰਾਂ ਦਾ ਤਾਲਾ ਤੋੜ ਕੇ ਇਹ ਦੋਵੇਂ ਚੋਰੀ ਦੀ ਨੀਅਤ ਨਾਲ ਇਨ੍ਹਾਂ ਘਰਾਂ ਵਿਚ ਵੜ ਗਏ ਸਨ।
ਖੜਾਕ ਸੁਣਨ 'ਤੇ ਪਿੰਡ ਦੇ ਲੋਕ ਜਾਗ ਗਏ ਅਤੇ ਤਿੰਨਾਂ ਨੂੰ ਫੜ ਕੇ ਲਾਠੀਆਂ, ਡੰਡਿਆਂ, ਇੱਟਾਂ ਤੇ ਪੱਥਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿਤਾ।
ਅਹਿਮਦ ਨੇ ਦਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (ਏਜੰਸੀ)