
ਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਦੇ ਨਾਲ ਵਿਵਾਦ ਨੂੰ ਲੈ ਕੇ ਸੁਰਖ਼ੀਆਂ ਵਿਚ ਰਹੇ ਸਪੈਸ਼ਲ ਡਾਇਰੈਕਟਰ ਰਾਕੇਸ਼...
ਨਵੀਂ ਦਿੱਲੀ : ਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਦੇ ਨਾਲ ਵਿਵਾਦ ਨੂੰ ਲੈ ਕੇ ਸੁਰਖ਼ੀਆਂ ਵਿਚ ਰਹੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਵੀ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੀਬੀਆਈ ਤੋਂ ਹਟਾ ਦਿਤਾ। ਅਸਥਾਨਾ ਤੋਂ ਇਲਾਵਾ 3 ਹੋਰ ਅਧਿਕਾਰੀ ਤੱਤਕਾਲ ਪ੍ਰਭਾਵ ਤੋਂ ਸੀਬੀਆਈ ਤੋਂ ਹਟਾਏ ਗਏ ਹਨ। ਗੁਜਰਾਤ ਕੈਡਰ ਦੇ ਆਈਪੀਐਸ ਅਧਿਕਾਰੀ ਅਸਥਾਨਾ ਅਤੇ ਤਤਕਾਲੀਨ ਡਾਇਰੈਕਟਰ ਵਰਮਾ ਦਾ ਵਿਵਾਦ ਸਰਵਜਨਿਕ ਹੋਣ ਤੋਂ ਬਾਅਦ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿਚ ਦੋਵਾਂ ਨੂੰ ਜ਼ਬਰਨ ਛੁੱਟੀ ਉਤੇ ਭੇਜ ਦਿਤਾ ਸੀ।
ਵੀਰਵਾਰ ਸ਼ਾਮ ਜਾਰੀ ਹੁਕਮ ਵਿਚ ਅਸਥਾਨਾ ਤੋਂ ਇਲਾਵਾ ਜਾਇੰਟ ਡਾਇਰੈਕਟਰ ਅਰੁਣ ਕੁਮਾਰ ਸ਼ਰਮਾ, ਡੀਆਈਜੀ ਮਨੀਸ਼ ਕੁਮਾਰ ਸਿਨਹਾ ਅਤੇ ਐਸਪੀ ਜੈਯੰਤ ਜੇ ਨਾਇਕਨਵਰੇ ਨੂੰ ਵੀ ਜਾਂਚ ਏਜੰਸੀ ਤੋਂ ਹਟਾਇਆ ਗਿਆ ਹੈ। ਅਸਥਾਨਾ ਅਤੇ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਨੇ ਇਕ-ਦੂਜੇ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਸਰਕਾਰ ਨੇ ਦੋਵਾਂ ਅਫ਼ਸਰਾਂ ਨੂੰ 23 ਅਕਤੂਬਰ ਨੂੰ ਛੁੱਟੀ ਉਤੇ ਭੇਜ ਦਿਤਾ ਸੀ।
ਸੁਪਰੀਮ ਕੋਰਟ ਨੇ 8 ਜਨਵਰੀ ਨੂੰ ਆਲੋਕ ਵਰਮਾ ਨੂੰ ਛੁੱਟੀ ਉਤੇ ਭੇਜੇ ਜਾਣ ਦੇ ਕੇਂਦਰ ਦੇ ਫ਼ੈਸਲੇ ਨੂੰ ਰੱਦ ਕਰ ਦਿਤਾ ਸੀ। ਹਾਲਾਂਕਿ, ਅਦਾਲਤ ਨੇ ਉਨ੍ਹਾਂ ਨੂੰ ਸੀਵੀਸੀ ਦੀ ਜਾਂਚ ਪੂਰੀ ਹੋਣ ਤੱਕ ਨੀਤੀਗਤ ਫ਼ੈਸਲੇ ਲੈਣ ਤੋਂ ਰੋਕ ਦਿਤਾ ਸੀ। ਵਰਮਾ ਨੂੰ 10 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਹੀ ਵਾਲੀ ਉੱਚ ਅਧਿਕਾਰ ਕਮੇਟੀ ਨੇ ਅਹੁਦੇ ਤੋਂ ਹਟਾ ਦਿਤਾ ਸੀ। ਵਰਮਾ 31 ਜਨਵਰੀ ਨੂੰ ਸੇਵਾਮੁਕਤ ਹੋ ਰਹੇ ਸਨ।
ਉਨ੍ਹਾਂ ਦੀ ਜਗ੍ਹਾ ਨਾਗੇਸ਼ਵਰ ਰਾਵ ਨੂੰ ਦੁਬਾਰਾ ਸੀਬੀਆਈ ਦਾ ਅੰਤਰਿਮ ਚੀਫ਼ ਬਣਾਇਆ ਗਿਆ ਸੀ। 1979 ਦੀ ਬੈਂਚ ਦੇ ਆਈਪੀਐਸ ਅਫ਼ਸਰ ਵਰਮਾ ਨੂੰ ਸਿਵਲ ਡਿਫੈਂਸ, ਫ਼ਾਇਰ ਸਰਵਿਸੇਜ਼ ਅਤੇ ਹੋਮ ਗਾਰਡ ਵਿਭਾਗ ਦਾ ਮਹਾਨਿਰਦੇਸ਼ਕ ਬਣਾਇਆ ਗਿਆ ਸੀ ਪਰ ਵਰਮਾ ਨੇ ਇਕ ਦਿਨ ਬਾਅਦ ਹੀ ਅਸਤੀਫ਼ਾ ਦੇ ਦਿਤਾ ਸੀ।