
ਰਾਸ਼ਟਰਪਤੀ ਰਾਮਨਾਥ ਕੋਵਿੰਦ ਵਿਸ਼ੇਸ਼ ਜਹਾਜ਼ ਰਾਹੀਂ ਯੂਪੀ ਦੇ ਪ੍ਰਯਾਗਰਾਜ ਪੁੱਜੇ ਜਿਥੇ ਕੁੰਭ ਮੇਲਾ ਚੱਲ ਰਿਹਾ ਹੈ
ਪ੍ਰਯਾਗਰਾਜ : ਰਾਸ਼ਟਰਪਤੀ ਰਾਮਨਾਥ ਕੋਵਿੰਦ ਵਿਸ਼ੇਸ਼ ਜਹਾਜ਼ ਰਾਹੀਂ ਯੂਪੀ ਦੇ ਪ੍ਰਯਾਗਰਾਜ ਪੁੱਜੇ ਜਿਥੇ ਕੁੰਭ ਮੇਲਾ ਚੱਲ ਰਿਹਾ ਹੈ। ਹਵਾਈ ਅੱਡੇ 'ਤੇ ਰਾਜਪਾਲ ਰਾਮ ਨਾਇਕ ਅਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੁੰਭ ਦਾ ਨਜ਼ਾਰਾ ਵੇਖਣ ਆਏ ਰਾਸ਼ਟਰਪਤੀ ਕਿਸ਼ਤੀ ਰਾਹੀਂ ਸੰਗਮ 'ਤੇ ਪੁੱਜੇ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਵੀ ਸਨ।
ਰਾਸ਼ਟਰਪਤੀ ਸਵੇਰੇ ਕਰੀਬ ਸਾਢੇ ਨੌਂ ਵਜੇ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਹਵਾਈ ਅੱਡੇ 'ਤੇ ਪੁੱਜੇ। ਉਹ ਗੰਗਾ ਆਰਤੀ ਵਿਚ ਵੀ ਸ਼ਾਮਲ ਹੋਏ। ਬਾਅਦ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਕੁੰਭ ਸ਼ਰਧਾ ਦੀ ਚੁੰਬਕ ਹੈ ਜਿਹੜੀ ਲੋਕਾਂ ਨੂੰ ਅਪਣੇ ਵਲ ਖਿੱਚ ਲੈਂਦੀ ਹੈ। ਇਥੇ ਗਾਂਧੀਵਾਦ ਪੁਨਰ-ਉਥਾਨ ਸੰਮੇਲਨ ਦਾ ਉਦਘਾਟਨ ਮਗਰੋਂ ਰਾਸ਼ਟਰਪਤੀ ਨੇ ਕਿਹਾ,
'ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਮਗਰੋਂ ਮੈਨੂੰ ਕੁੰਭ ਮੇਲੇ ਵਿਚ ਗੰਗਾ ਦੇ ਪਾਵਨ ਕੰਢੇ 'ਤੇ ਆਉਣ ਦਾ ਮੌਕਾ ਮਿਲਿਆ ਹੈ। ਇਹ ਸੁਖਦ ਇਤਫ਼ਾਕ ਹੈ ਕਿ ਕੁੰਭ ਮੌਕੇ ਅਸੀਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਹੇ ਹਾਂ। ਕੁੰਭ ਦੁਨੀਆਂ ਭਰ ਲਈ ਖਿੱਚ ਦਾ ਕੇਂਦਰ ਹੈ।'
(ਏਜੰਸੀ)