
ਪੱਛਮ ਬੰਗਾਲ 'ਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਰਕਰ ਭਿੜੇ, ਬਿਹਾਰ, ਤਾਮਿਲਨਾਡੂ, ਆਂਧਰਾ ਤੇ ਯੂਪੀ ਵਿਚ ਵੀ ਹਿੰਸਾ ਦੀਆਂ ਘਟਨਾਵਾਂ
ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਨੂੰ ਲੈ ਕੇ ਅੱਜ ਦੇਸ਼ ਦੇ ਵੱਖ-ਵੱਖ 12 ਸੂਬਿਆਂ ਦੀਆਂ 95 ਸੀਟਾਂ 'ਤੇ ਵੋਟਿੰਗ ਹੋਈ। ਇਸ ਦੌਰਾਨ ਕਈ ਥਾਵਾਂ 'ਤੇ ਹਿੰਸਾ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਇਸ ਦੌਰਾਨ ਜਿੱਥੇ ਪੱਛਮ ਬੰਗਾਲ ਦੇ ਰਾਏਗੰਜ ਵਿਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਵਰਕਰਾਂ ਨੇ ਜੱਮ ਕੇ ਹੰਗਾਮਾ ਕੀਤਾ, ਦੋਵਾਂ ਪਾਰਟੀਆਂ ਦੇ ਸਮਰਥਕ ਆਪਸ ਵਿਚ ਭਿੜ ਗਏ, ਉਥੇ ਹੀ ਸੂਬੇ ਦੇ ਇਸਲਾਮਪੁਰ ਇਲਾਕੇ ਵਿਚ ਇਕ ਸੀਪੀਐਮ ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ 'ਤੇ ਕੁੱਝ ਲੋਕਾਂ ਵਲੋਂ ਪਥਰਾਅ ਕੀਤਾ ਗਿਆ।
ਜਿਸ ਕਾਰਨ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਟੁੱਟ ਗਏ। ਸੀਪੀਐਮ ਨੇ ਇਸ ਹਮਲੇ ਦੇ ਪਿੱਛੇ ਟੀਐਮਸੀ ਦਾ ਹੱਥ ਦੱਸਿਆ ਹੈ। ਇਸ ਤੋਂ ਇਲਾਵਾ ਮਨੀਪੁਰ ਦੇ ਇੰਫ਼ਾਲ ਵਿਚ ਵੀ ਪੋਲਿੰਗ ਬੂਥ 'ਤੇ ਹਿੰਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੁੱਝ ਲੋਕਾਂ ਨੇ ਈਵੀਐਮ ਨਾਲ ਤੋੜ-ਭੰਨ ਕੀਤੀ ਅਤੇ ਪੋਲਿੰਗ ਬੂਥ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਇੱਥੇ ਵੋਟਿੰਗ ਰੋਕ ਦਿਤੀ ਗਈ। ਸੁਰੱਖਿਆ ਬਲਾਂ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਲਾਠੀਚਾਰਜ ਤੋਂ ਇਲਾਵਾ ਹਵਾਈ ਫਾਈਰਿੰਗ ਵੀ ਕੀਤੀ।
ਇਸ ਦੇ ਨਾਲ ਹੀ ਉੱਤਰੀ ਕਸ਼ਮੀਰ ਦੀ ਬਾਰਾਮੂਲਾ ਲੋਕ ਸਭਾ ਸੀਟ 'ਤੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਕੁਝ ਇਲਾਕਿਆਂ ਵਿਚ ਹਿੰਸਾ ਭੜਕ ਗਈ। ਸਰਹੱਦੀ ਜ਼ਿਲ੍ਹਾ ਕੁੱਪਵਾੜਾ ਦੇ ਲੰਗੇਟ ਦੇ ਮੰਡੀਗਾਮ ਪਿੰਡ ਵਿਚ ਨੌਜਵਾਨਾਂ ਨੇ ਸੜਕਾਂ 'ਤੇ ਉਤਰ ਕੇ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਕੀਤੀ। ਪੱਥਰਬਾਜ਼ਾਂ ਨੂੰ ਖਦੇੜਨ ਲਈ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲੇ ਦਾਗ਼ੇ ਅਤੇ ਪੈਲੇਟ ਗੰਨ ਦੀ ਵਰਤੋਂ ਕੀਤੀ। ਇਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਹੋ ਗਏ।
ਇਨ੍ਹਾਂ ਤੋਂ ਇਲਾਵਾ ਬਿਹਾਰ ਦੇ ਬਾਂਕਾ ਵਿਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਤਾਮਿਲਨਾਡੂ ਵਿਚ ਵੀ ਕੁੱਝ ਥਾਵਾਂ 'ਤੇ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਛੱਤੀਸਗੜ੍ਹ ਦੇ ਦੰਤੇਵਾੜਾ ਵਿਚ ਪੈਂਦੇ ਇਕ ਬੂਥ 'ਤੇ ਸਿਰਫ਼ ਦੋ ਵੋਟਾਂ ਪੈਣ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਉੱਥੇ ਮਾਓਵਾਦੀਆਂ ਨੇ ਚੋਣਾਂ ਦਾ ਬਾਈਕਾਟ ਕੀਤੇ ਜਾਣ ਦੇ ਪੋਸਟਰ ਲਗਾਏ ਹੋਏ ਸਨ।
ਆਂਧਰਾ ਪ੍ਰਦੇਸ਼ ਵਿਚ ਵੀ ਵੋਟਿੰਗ ਦੌਰਾਨ ਦੋ ਸਿਆਸੀ ਪਾਰਟੀਆਂ ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ ਅਤੇ ਵਾਈਐਸਆਰ ਕਾਂਗਰਸ ਦੇ ਸਮਰਥਕਾਂ ਵਿਚਕਾਰ ਹਿੰਸਕ ਝੜਪਾਂ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਵੀ ਹਿੰਸਾ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ ਪਰ ਦੂਜੇ ਪੜਾਅ ਦੌਰਾਨ ਵੀ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।