
ਨਸ਼ਾ ਕਰਨ ਵਾਲਿਆਂ 'ਚ ਜ਼ਿਆਦਾਤਰ 18 ਤੋਂ 35 ਸਾਲ ਦੇ ਨੌਜਵਾਨ
ਨਸ਼ੇ ਦੀ ਸਪਲਾਈ 'ਚ ਹੋਇਆ 18 ਫ਼ੀਸਦੀ ਵਾਧਾ
ਪੰਚਕੂਲਾ : ਦੁੱਧ ਅਤੇ ਦਹੀਂ ਖਾਣ ਲਈ ਮਸ਼ਹੂਰ ਹਰਿਆਣਾ ਵੀ ਹੁਣ ਹੋਰ ਸੂਬਿਆਂ ਵਾਂਗ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ। ਸੂਬੇ ਦੇ 22 ਵਿੱਚੋਂ 10 ਜ਼ਿਲ੍ਹੇ ਬੁਰੀ ਤਰ੍ਹਾਂ ਨਸ਼ਿਆਂ ਦੀ ਲਪੇਟ ਵਿੱਚ ਹਨ। ਅਜਿਹਾ ਨਹੀਂ ਹੈ ਕਿ ਬਾਕੀ 12 ਜ਼ਿਲ੍ਹੇ ਨਸ਼ਾ ਮੁਕਤ ਹਨ। ਇੱਥੇ ਵੀ ਨਸ਼ੇ ਦਾ ਰੁਝਾਨ ਵਧ ਰਿਹਾ ਹੈ। ਨੌਜਵਾਨ ਹੀ ਨਹੀਂ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।
ਨਸ਼ਾ ਕਰਨ ਵਾਲਿਆਂ ਵਿਚ ਜ਼ਿਆਦਾਤਰ 18 ਤੋਂ 35 ਸਾਲ ਦੇ ਨੌਜਵਾਨ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਨਸ਼ੀਲੇ ਪਦਾਰਥਾਂ ਨੂੰ ਇੱਕ ਤੋਂ ਦੂਜੀ ਜਗ੍ਹਾ 'ਤੇ ਲੈ ਕੇ ਜਾਣ ਵਿਚ ਔਰਤਾਂ ਅਤੇ ਕੁੜੀਆਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਪਿਛਲੇ ਅੱਠ ਸਾਲਾਂ ਦੇ ਅੰਕੜੇ ਦੱਸਦੇ ਹਨ ਕਿ ਸੂਬੇ ਵਿੱਚ ਹਰ ਸਾਲ ਔਸਤਨ 47 ਤੋਂ 50 ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਰਹੀ ਹੈ। ਸਾਲ 2022 ਵਿੱਚ 84 ਨੌਜਵਾਨਾਂ ਨੇ ਨਸ਼ਿਆਂ ਕਾਰਨ ਹੀ ਆਪਣੀ ਜਾਨ ਗਵਾਈ।
ਕੁਰੂਕਸ਼ੇਤਰ, ਪਾਣੀਪਤ, ਸੋਨੀਪਤ ਅਤੇ ਨੂਹ ਨਸ਼ਿਆਂ ਦੇ ਗੜ੍ਹ ਬਣ ਚੁੱਕੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਨਸ਼ਿਆਂ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ। ਖਾਸ ਕਰ ਕੇ ਪੰਜਾਬ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਨੌਜਵਾਨ ਸਿੰਥੈਟਿਕ ਨਸ਼ੇ ਦਾ ਸੇਵਨ ਕਰ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਇੱਥੇ ਵਧ ਰਹੇ ਨਸ਼ੇ ਨੂੰ ਰੋਕਣ ਲਈ ਚਿੰਤਾ ਪ੍ਰਗਟ ਕੀਤੀ ਹੈ ਅਤੇ ਸਾਰੇ ਗੁਆਂਢੀ ਸੂਬਿਆਂ ਨੂੰ ਮਿਲ ਕੇ ਨਸ਼ਿਆਂ ਵਿਰੁੱਧ ਲੜਨ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ: UPI ਰਾਹੀਂ ਹੋਇਆ 126 ਲੱਖ ਕਰੋੜ ਦਾ ਲੈਣ-ਦੇਣ, 54 ਫ਼ੀਸਦੀ ਦਾ ਇਜ਼ਾਫ਼ਾ
ਉਹ ਨਸ਼ਿਆਂ ਦੀ ਖੇਪ ਸਪਲਾਈ ਕਰ ਰਹੇ ਹਨ। ਪੰਜਾਬ ਤੋਂ ਇਲਾਵਾ ਦਿੱਲੀ ਅਤੇ ਰਾਜਸਥਾਨ ਰਾਹੀਂ ਹਰਿਆਣਾ ਵਿੱਚ ਵੀ ਨਸ਼ੇ ਦੀ ਸਪਲਾਈ ਹੋ ਰਹੀ ਹੈ। ਨਾਰਕੋਟਿਕਸ ਅਧਿਕਾਰੀਆਂ ਮੁਤਾਬਕ ਹੈਰੋਇਨ ਦੀ ਸਪਲਾਈ ਮੁੱਖ ਤੌਰ 'ਤੇ ਦਿੱਲੀ ਅਤੇ ਪੰਜਾਬ ਤੋਂ ਹਰਿਆਣਾ 'ਚ ਹੋ ਰਹੀ ਹੈ। ਅਫ਼ੀਮ ਅਤੇ ਭੁੱਕੀ ਰਾਜਸਥਾਨ ਤੋਂ ਆ ਰਹੀ ਹੈ ਅਤੇ ਭੰਗ ਦੀ ਸਪਲਾਈ ਓਡੀਸ਼ਾ ਤੋਂ ਹੋ ਰਹੀ ਹੈ। ਹੁਣ ਸਭ ਤੋਂ ਵੱਡੀ ਚੁਣੌਤੀ ਸਿੰਥੈਟਿਕ ਨਸ਼ਿਆਂ ਦੀ ਸਪਲਾਈ ਬਣ ਗਈ ਹੈ।
ਛੱਤੀਸਗੜ੍ਹ, ਝਾਰਖੰਡ, ਰਾਜਸਥਾਨ, ਯੂਪੀ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਬਿਹਾਰ ਦੇ ਤਸਕਰ ਹਰਿਆਣਾ ਵਿੱਚ ਸਪਲਾਈ ਕਰ ਰਹੇ ਹਨ। ਰਿਪੋਰਟ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਹਰਿਆਣਾ ਵਿੱਚ ਨਸ਼ਿਆਂ ਦੀ ਸਪਲਾਈ ਵਿੱਚ 18 ਫ਼ੀਸਦੀ ਵਾਧਾ ਹੋਇਆ ਹੈ। ਇਸ ਵਿੱਚ ਹੈਰੋਇਨ, ਗਾਂਜਾ, ਚਰਸ, ਅਫ਼ੀਮ, ਸਮੈਕ, ਕੈਪਸੂਲ ਅਤੇ ਖੰਘ ਦੀ ਦਵਾਈ ਵਰਗੇ ਨਸ਼ੇ ਸ਼ਾਮਲ ਹਨ।
ਨਸ਼ੇ ਕਾਰਨ ਹੋਈਆਂ ਮੌਤਾਂ ਦਾ ਅੰਕੜਾ
ਸਾਲ ਮੌਤ
2014 76
2015 32
2016 28
2017 52
2018 86
2019 13
2020 7
2021 ਕੋਈ ਡਾਟਾ ਨਹੀਂ
2022 84
ਹਰਿਆਣਾ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ 7.12 ਲੱਖ ਨਸ਼ੇੜੀ ਰਜਿਸਟਰਡ ਹਨ। 2018 ਤੋਂ, ਹਰ ਸਾਲ ਇੱਕ ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਹੋਈਆਂ ਹਨ। 2018 ਵਿੱਚ, ਕੁੱਲ 1.02 ਲੱਖ ਨਸ਼ੇੜੀ ਰਜਿਸਟਰ ਹੋਏ ਜਦੋਂ ਕਿ 2019 ਵਿੱਚ 1.16 ਲੱਖ, 2020 ਵਿੱਚ 1.08 ਲੱਖ ਅਤੇ 2021 ਵਿੱਚ 1.16 ਲੱਖ ਅਤੇ 2022 ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਨੇ ਨਸ਼ਾ ਛੁਡਾਉਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਨਸ਼ੇ ਤੋਂ ਇਲਾਵਾ ਸੂਬੇ ਵਿਚ ਜ਼ਹਿਰੀਲੀ ਅਤੇ ਨਕਲੀ ਸ਼ਰਾਬ ਨਾਲ ਪਿਛਲੇ ਸੱਤ ਸਾਲਾਂ ਵਿਚ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। 2016 ਵਿਚ 2, 2020 ਵਿਚ 30 ਅਤੇ 2022 ਵਿਚ 4 ਲੋਕਾਂ ਦੀ ਮੌਤ ਹੋਈ ਹੈ।