
ਕੇਂਦਰ ਸਰਕਾਰ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਜੰਮੂ-ਕਸ਼ਮੀਰ ਵਿਚ ਅਤਿਵਾਦੀ ਜਥੇਬੰਦੀਆਂ ਵਿਰੁਧ ਮੁਹਿੰਮਾਂ 'ਤੇ ਲਾਈ ਗਈ ਰੋਕ ਖ਼ਤਮ ਕਰਨ ਦਾ ਐਲਾਨ ਕਰਦਿਆਂ ਸੁਰੱਖਿਆ ਬਲਾਂ...
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਜੰਮੂ-ਕਸ਼ਮੀਰ ਵਿਚ ਅਤਿਵਾਦੀ ਜਥੇਬੰਦੀਆਂ ਵਿਰੁਧ ਮੁਹਿੰਮਾਂ 'ਤੇ ਲਾਈ ਗਈ ਰੋਕ ਖ਼ਤਮ ਕਰਨ ਦਾ ਐਲਾਨ ਕਰਦਿਆਂ ਸੁਰੱਖਿਆ ਬਲਾਂ ਨੂੰ ਨਿਰਦੇਸ਼ ਦਿਤਾ ਕਿ ਉਹ ਜ਼ਰੂਰੀ ਕਾਰਵਾਈ ਕਰਨ ਜਿਸ ਨਾਲ ਅਤਿਵਾਦੀਆਂ ਨੂੰ ਹਮਲੇ ਅਤੇ ਹਿੰਸਾ ਕਰਨ ਤੋਂ ਰੋਕਿਆ ਜਾ ਸਕੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ ਕਸ਼ਮੀਰ ਵਿਚ ਅਤਿਵਾਦੀਆਂ ਵਿਰੁਧ ਮੁਹਿੰਮ ਫਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਵਿਚ ਅਤਿਵਾਦੀਆਂ ਵਿਰੁਧ ਮੁਹਿੰਮਾਂ 'ਤੇ ਰਮਜ਼ਾਨ ਦੇ ਮਹੀਨੇ ਵਿਚ ਲਾਈ ਹੋਈ ਰੋਕ ਨੂੰ ਅੱਗੇ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ।
Army
ਉਧਰ, ਫ਼ੌਜ ਨੇ ਕਿਹਾ ਹੈ ਕਿ ਉਹ ਕਾਰਵਾਈ ਲਈ ਤਿਆਰ ਹੈ। ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਦੀ ਸ੍ਰੀਨਗਰ ਵਿਚ ਗੋਲੀ ਮਾਰ ਕੇ ਹਤਿਆ‘ਕਰਨ ਦੀ ਵਾਰਦਾਤ ਦੇ ਕੁੱਝ ਦਿਨਾਂ ਮਗਰੋਂ ਇਹ ਐਲਾਨ ਕੀਤਾ ਗਿਆ ਹੈ। ਫ਼ੈਸਲੇ ਦਾ ਐਲਾਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ, ਜੰਮੂ ਕਸ਼ਮੀਰ ਵਿਚ ਅਤਿਵਾਦ ਅਤੇ ਹਿੰਸਾ ਮੁਕਤ ਮਾਹੌਲ ਬਣਾਉਣ ਪ੍ਰਤੀ ਵਚਨਬੱਧ ਹੈ। ਕੇਂਦਰ ਸਰਕਾਰ ਨੇ 17 ਮਈ ਨੂੰ ਫ਼ੈਸਲਾ ਕੀਤਾ ਸੀ ਕਿ ਰਮਜ਼ਾਨ ਦੌਰਾਨ ਕਸ਼ਮੀਰ ਵਿਚ ਸੁਰੱਖਿਆ ਬਲ ਅਤਿਵਾਦੀਆਂ ਵਿਰੁਧ ਮੁਹਿੰਮ ਨਹੀਂ ਚਲਾਉਣਗੇ।
Army
ਬਿਆਨ ਮੁਤਾਬਕ ਰਮਜ਼ਾਨ ਦੌਰਾਨ ਵਾਰ-ਵਾਰ ਉਕਸਾਵੇ ਦੇ ਬਾਵਜੂਦ ਸੰਜਮ ਰੱਖਣ ਲਈ ਸਰਕਾਰ ਨੇ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਹੈ। ਗ੍ਰਹਿ ਮੰਤਰੀ ਨੇ ਕਿਹਾ, 'ਇਸ ਦੀ ਪੂਰੀ ਉਮੀਦ ਸੀ ਕਿ ਇਸ ਪਹਿਲ ਦੀ ਸਫ਼ਲਤਾ ਯਕੀਨੀ ਕਰਨ ਵਿਚ ਸਾਰੇ ਸਹਿਯੋਗ ਕਰਨਗੇ। ਇਸ ਦੌਰਾਨ ਸੁਰੱਖਿਆ ਬਲਾਂ ਨੇ ਮਿਸਾਲੀ ਸੰਜਮ ਵਰਤਿਆ ਜਦਕਿ ਅਤਿਵਾਦੀਆਂ ਨੇ ਨਾਗਰਿਕਾਂ ਅਤੇ ਸੁਰੱਖਿਆ ਬਲਾਂ 'ਤੇ ਅਪਣੇ ਹਮਲੇ ਜਾਰੀ ਰੱਖੇ ਜਿਸ ਵਿਚ ਕਈ ਲੋਕਾਂ ਦੀ ਜਾਨ ਗਈ ਅਤੇ ਕਈ ਲੋਕ ਜ਼ਖ਼ਮੀ ਹੋਏ।'
Army
ਉਨ੍ਹਾਂ ਕਿਹਾ ਕਿ ਅਤਿਵਾਦ ਵਿਰੁਧ ਮੁਹਿੰਮ ਫਿਰ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੂੰ ਅਤਿਵਾਦੀਆਂ ਨੂੰ ਹਿੰਸਾ ਅਤੇ ਹਤਿਆਵਾਂ ਨਾਲ ਜੁੜੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਦਿਤਾ ਹੈ। ਮੰਤਰਾਲੇ ਨੇ ਕਿਹਾ, 'ਸਰਕਾਰ, ਕਸ਼ਮੀਰ ਵਿਚ ਅਤਿਵਾਦ ਅਤੇ ਹਿੰਸਾ ਮੁਕਤ ਮਾਹੌਲ ਬਣਾਉਣ ਦੇ ਯਤਨ ਜਾਰੀ ਰੱਖੇਗੀ। ਇਹ ਜ਼ਰੂਰੀ ਹੈ ਕਿ ਸ਼ਾਂਤੀ ਚਾਹੁਣ ਵਾਲੇ ਹਰ ਤਬਕੇ ਦੇ ਲੋਕ ਇਕੱਠੇ ਹੋਣ ਅਤੇ ਅਤਿਵਾਦੀਆਂ ਨੂੰ ਅਲੱਗ-ਥਲੱਗ ਕਰਨ।' (ਏਜੰਸੀ)