
ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਪਟਰੌਲ, ਡੀਜ਼ਲ 'ਤੇ ਉਤਪਾਦ ਕਰ ਵਿਚ ਕਟੌਤੀ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਕਦਮ ਨੁਕਸਾਨਦਾਇਕ ....
ਨਵੀਂ ਦਿੱਲੀ: ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਪਟਰੌਲ, ਡੀਜ਼ਲ 'ਤੇ ਉਤਪਾਦ ਕਰ ਵਿਚ ਕਟੌਤੀ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਕਦਮ ਨੁਕਸਾਨਦਾਇਕ ਹੋ ਸਕਦਾ ਹੈ। ਨਾਲ ਹੀ ਉਨ੍ਹਾਂ ਨਾਗਰਿਕਾਂ ਨੂੰ ਕਿਹਾ ਕਿ ਉਹ ਅਪਣੇ ਹਿੱਸੇ ਦੇ ਕਰਾਂ ਦਾ ਈਮਾਨਦਾਰੀ ਨਾਲ ਭੁਗਤਾਨ ਕਰਨ ਜਿਸ ਨਾਲ ਪਟਰੌਲੀਅਮ ਪਦਾਰਥਾਂ 'ਤੇ ਮਾਲੀਏ ਦੇ ਸ੍ਰੋਤ ਦੇ ਰੂਪ ਵਿਚ ਨਿਰਭਰਤਾ ਘੱਟ ਹੋ ਸਕੇ। ਫ਼ੇਸਬੁਕ ਪੋਸਟ ਵਿਚ ਜੇਤਲੀ ਨੇ ਲਿਖਿਆ, 'ਸਿਰਫ਼ ਤਨਖ਼ਾਹਸ਼ੁਦਾ ਵਰਗ ਹੀ ਅਪਣੇ ਹਿੱਸੇ ਦਾ ਕਰ ਅਦਾ ਕਰਦਾ ਹੈ ਜਦਕਿ ਜ਼ਿਆਦਾਤਰ ਹੋਰ ਲੋਕਾਂ ਨੂੰ ਅਪਣੇ ਕਰ ਭੁਗਤਾਨ ਦੇ ਰੀਕਾਰਡ ਨੂੰ ਸੁਧਾਰਨ ਦੀ ਲੋੜ ਹੈ।
ਇਹੋ ਕਾਰਨ ਹੈ ਕਿ ਭਾਰਤ ਹਾਲੇ ਤਕ ਕਰ ਪਾਲਣਾ ਵਾਲਾ ਸਮਾਜ ਨਹੀਂ ਬਣ ਸਕਿਆ।' ਜੇਤਲੀ ਨੇ ਕਿਹਾ, 'ਮੇਰੀ ਟਿਪਣੀਕਾਰਾਂ ਨੂੰ ਅਪੀਲ ਹੈ ਕਿ ਜੇ ਲੋਕ ਈਮਾਨਦਾਰੀ ਨਾਲ ਟੈਕਸ ਅਦਾ ਕਰਨ ਤਾਂ ਕਰ ਦੇ ਮਾਮਲੇ ਵਿਚ ਪਟਰੌਲੀਅਮ ਉਤਪਾਦਾਂ 'ਤੇ ਨਿਰਭਰਤਾ ਘਟਾਈ ਜਾ ਸਕਦੀ ਹੈ।' ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਕੇਂਦਰ ਸਰਕਾਰ ਦਾ ਕਰ-ਜੀਡੀਪੀ ਅਨੁਪਾਦ 10 ਫ਼ੀ ਸਦੀ ਤੋਂ ਸੁਧਰ ਕੇ 11.5 ਫ਼ੀ ਸਦੀ ਹੋ ਗਿਆ ਹੈ। ਇਸ ਵਿਚ ਕਰੀਬ ਅੱਧਾ ਵਾਧਾ ਗ਼ੈਰ ਤੇਲ ਕਰ ਜੀਡੀਪੀ ਅਨੁਪਾਤ ਨਾਲ ਹੋਇਆ ਹੈ। ਜੇਤਲੀ ਨੇ ਕਿਹਾ ਕਿ ਸਰਕਾਰ ਨੇ ਖ਼ਜ਼ਾਨੇ ਦੇ ਘਾਟੇ ਨੂੰ ਦੂਰ ਕਰਨ ਲਈ ਮਜ਼ਬੂਤੀ ਨਾਲ ਕੰਮ ਕੀਤਾ ਹੈ। (ਏਜੰਸੀ)