
ਦੋਵੇਂ ਭੈਣਾਂ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਨਵੀਂ ਦਿੱਲੀ - ਦਿੱਲੀ ਦੇ ਆਰਕੇ ਪੁਰਮ 'ਚ ਐਤਵਾਰ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਦੋ ਭੈਣਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਇੱਥੋਂ ਦੀ ਅੰਬੇਡਕਰ ਬਸਤੀ ਵਿਚ ਵਾਪਰੀ। ਮ੍ਰਿਤਕ ਔਰਤਾਂ ਦੀ ਪਛਾਣ ਪਿੰਕੀ (30) ਅਤੇ ਜੋਤੀ (29) ਵਜੋਂ ਹੋਈ ਹੈ। ਸਵੇਰੇ ਕਰੀਬ 4:40 ਵਜੇ ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਹਮਲਾਵਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮਹਿਲਾ ਦੇ ਭਰਾ ਨੂੰ ਮਾਰਨ ਲਈ ਆਏ ਸਨ। ਪਰ ਘਰ ਦੇ ਬਾਹਰ ਹੀ ਦੋਵੇਂ ਭੈਣਾਂ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ।
ਦੱਖਣੀ ਪੱਛਮੀ ਦਿੱਲੀ ਦੇ ਡੀਸੀਪੀ ਮਨੋਜ ਸੀ ਨੇ ਦੱਸਿਆ ਕਿ ਦੋਵੇਂ ਭੈਣਾਂ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਕੁਝ ਘੰਟਿਆਂ 'ਚ ਹੀ ਮੁੱਖ ਸ਼ੂਟਰ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਸ ਦੇ ਨਾਲ ਹੀ ਘਟਨਾ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਦੇ ਲੋਕ ਬਹੁਤ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਜਿਨ੍ਹਾਂ ਲੋਕਾਂ ਨੇ ਦਿੱਲੀ ਦੀ ਅਮਨ-ਕਾਨੂੰਨ ਨੂੰ ਸੰਭਾਲਣਾ ਹੈ, ਉਹ ਅਮਨ-ਕਾਨੂੰਨ ਨੂੰ ਠੀਕ ਕਰਨ ਦੀ ਬਜਾਏ ਪੂਰੀ ਦਿੱਲੀ ਸਰਕਾਰ 'ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।
ਅੱਜ ਜੇਕਰ ਦਿੱਲੀ ਦੀ ਕਾਨੂੰਨ ਵਿਵਸਥਾ LG ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਹੁੰਦੀ ਤਾਂ ਦਿੱਲੀ ਸਭ ਤੋਂ ਸੁਰੱਖਿਅਤ ਹੁੰਦੀ। ਅਸੀਂ ਦੋਹਾਂ ਔਰਤਾਂ ਦੇ ਪਰਿਵਾਰਾਂ ਨਾਲ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।