
ਇਲਾਜ ਦੌਰਾਨ ਨਵਜੰਮੇ ਬੱਚੇ ਦੀ ਦੋ ਦਿਨ ਬਾਅਦ 15 ਜੂਨ ਨੂੰ ਮੌਤ ਹੋ ਗਈ।
ਡਿੰਡੋਰੀ - ਡਿੰਡੋਰੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਬੇਸਹਾਰਾ ਪਿਤਾ ਆਪਣੇ ਨਵਜੰਮੇ ਪੁੱਤ ਦੀ ਲਾਸ਼ ਨੂੰ ਥੈਲੇ ਵਿਚ ਚੁੱਕ ਕੇ ਲਿਜਾਂਦਾ ਨਜ਼ਰ ਆਇਆ। ਕਾਰਨ ਇਹ ਸੀ ਕਿ ਹਸਪਤਾਲ ਵਾਲਿਆਂ ਨੇ ਉਸ ਨੂੰ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ। ਪਿਤਾ ਨੇ 150 ਕਿਲੋਮੀਟਰ ਦਾ ਸਫਰ ਇੰਝ ਹੀ ਪੂਰਾ ਕੀਤਾ।
ਡਿੰਡੋਰੀ ਜ਼ਿਲ੍ਹੇ ਦੇ ਪਿੰਡ ਸਹਿਜਪੁਰੀ ਦੀ ਰਹਿਣ ਵਾਲੀ ਜਾਮਨੀ ਬਾਈ ਨੂੰ 13 ਜੂਨ ਨੂੰ ਜਣੇਪੇ ਦੇ ਦਰਦ ਕਾਰਨ ਡਿੰਡੋਰੀ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਪਰ ਡਿਲੀਵਰੀ ਤੋਂ ਬਾਅਦ ਨਵਜੰਮੇ ਬੱਚੇ ਦੀ ਹਾਲਤ ਵਿਗੜਨ ਲੱਗੀ। ਜਿਸ ਕਾਰਨ ਉਸ ਨੂੰ ਜਬਲਪੁਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਉਥੇ ਇਲਾਜ ਦੌਰਾਨ ਨਵਜੰਮੇ ਬੱਚੇ ਦੀ ਦੋ ਦਿਨ ਬਾਅਦ 15 ਜੂਨ ਨੂੰ ਮੌਤ ਹੋ ਗਈ।
ਪੁੱਤਰ ਦੀ ਮੌਤ ਹੋ ਗਈ ਅਤੇ ਪਤਨੀ ਵੀ ਠੀਕ ਨਹੀਂ ਸੀ, ਇਸ ਲਈ ਪਰਿਵਾਰ ਨੇ ਡਿੰਡੋਰੀ ਵਾਪਸ ਜਾਣ ਲਈ ਐਂਬੂਲੈਂਸ ਦੀ ਮੰਗ ਕੀਤੀ। ਪਰਿਵਾਰ ਨੇ ਮੈਡੀਕਲ ਕਾਲਜ ਜਬਲਪੁਰ ਦੀ ਮੈਨੇਜਮੈਂਟ ਨੂੰ ਪ੍ਰਬੰਧ ਕਰਨ ਲਈ ਬਹੁਤ ਮਿੰਨਤਾਂ ਕੀਤੀਆਂ। ਪਰ ਪ੍ਰਬੰਧਕਾਂ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਨਵਜੰਮੇ ਬੱਚੇ ਦੀ ਲਾਸ਼ ਨੂੰ ਮੈਡੀਕਲ ਕਾਲਜ ਤੋਂ ਇੱਕ ਆਟੋ ਵਿਚ ਰੱਖ ਕੇ ਪਰਿਵਾਰਕ ਮੈਂਬਰ ਕਿਸੇ ਤਰ੍ਹਾਂ ਜਬਲਪੁਰ ਬੱਸ ਸਟੈਂਡ ਪੁੱਜੇ ਪਰ ਫਿਰ ਵੀ ਡਿੰਡੋਰੀ ਤੱਕ 150 ਕਿਲੋਮੀਟਰ ਦਾ ਸਫ਼ਰ ਬਾਕੀ ਸੀ।
ਪੁੱਤ ਨੂੰ ਖੋਹਣ ਦਾ ਗਮ ਤੇ ਉਪਰੋਂ ਇੰਨੀ ਗਰਮੀ ਕਾਰਨ ਬਹੁਤ ਮੁਸ਼ਕਿਲਾਂ ਆਈਆਂ। ਇਸ ਸਭ ਤੋਂ ਬੇਵੱਸ ਪਿਤਾ ਨੇ ਬੇਟੇ ਦੀ ਲਾਸ਼ ਨੂੰ ਥੈਲੇ 'ਚ ਪਾ ਲਿਆ। ਕਿਉਂਕਿ ਹੋਰ ਕੋਈ ਹੱਲ ਨਹੀਂ ਸੀ। ਲਾਸ਼ ਨੂੰ ਥੈਲੇ 'ਚ ਲੁਕਾ ਕੇ ਬੱਸ 'ਚ 150 ਕਿਲੋਮੀਟਰ ਦਾ ਸਫਰ ਤੈਅ ਕਰਕੇ ਦੇਰ ਰਾਤ ਡਿੰਡੋਰੀ ਪਹੁੰਚੇ। ਲਾਸ਼ ਨੂੰ ਬੈਗ 'ਚ ਰੱਖਣ ਦਾ ਕਾਰਨ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਲਾਸ਼ ਨੂੰ ਦੇਖ ਕੇ ਬੱਸ ਚਾਲਕ ਨੇ ਉਸ ਨੂੰ ਬੱਸ 'ਚ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਕੋਲ ਪ੍ਰਾਈਵੇਟ ਟੈਕਸੀ ਕਿਰਾਏ 'ਤੇ ਲੈਣ ਲਈ ਵੀ ਪੈਸੇ ਨਹੀਂ ਸਨ। ਇਸ ਲਈ ਉਨ੍ਹਾਂ ਨੇ ਲਾਸ਼ ਨੂੰ ਇੱਕ ਬੋਰੇ ਵਿੱਚ ਛੁਪਾ ਲਿਆ ਅਤੇ ਕਿਸੇ ਤਰ੍ਹਾਂ ਬੱਸ ਵਿੱਚ ਬੈਠ ਕੇ ਡਿੰਡੋਰੀ ਪਹੁੰਚ ਗਏ।