
ਜੰਮੂ ਖੇਤਰ ਵਿਚ ਮੋਬਾਈਲ, ਇੰਟਰਨੈਟ ਸੇਵਾਵਾਂ ਫਿਰ ਬੰਦ
ਸ੍ਰੀਨਗਰ : ਕਸ਼ਮੀਰ ਦੇ ਸ੍ਰੀਨਗਰ ਵਿਚ ਇਕ ਦਿਨ ਪਹਿਲਾਂ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਕਾਰਨ ਐਤਵਾਰ ਨੂੰ ਕੁੱਝ ਇਲਾਕਿਆਂ ਵਿਚ ਪਾਬੰਦੀਆਂ ਸਖ਼ਤ ਕਰ ਦਿਤੀਆਂ ਗਈਆਂ। ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਨੂੰ 14ਵੇਂ ਦਿਨ ਘਾਟੀ ਦੇ ਕਈ ਹਿੱਸਿਆਂ ਵਿਚ ਪਾਬੰਦੀਆਂ ਜਾਰੀ ਹਨ। ਅਧਿਕਾਰੀਆਂ ਮੁਤਾਬਕ ਸਾਊਦੀ ਅਰਬ ਤੋਂ ਹੱਜ ਯਾਤਰੀਆਂ ਦਾ ਪਹਿਲਾ ਜੱਥਾ ਕਸ਼ਮੀਰ ਮੁੜ ਆਇਆ ਹੈ। ਉਨ੍ਹਾਂ ਇਲਾਕਿਆਂ ਵਿਚ ਦੁਬਾਰਾ ਪਾਬੰਦੀਆਂ ਲਾ ਦਿਤੀਆਂ ਗਈਆਂ ਹਨ ਜਿਥੇ ਸਨਿਚਰਵਾਰ ਨੂੰ ਹਾਲਾਤ ਵਿਗੜ ਗਏ ਸਨ।
Restrictions reimposed in parts of Srinagar
ਸ਼ਹਿਰ ਵਿਚ ਕਈ ਥਾਵਾਂ 'ਤੇ ਅਤੇ ਘਾਟੀ ਵਿਚ ਹੋਰ ਥਾਈਂ ਪਾਬੰਦੀਆਂ ਵਿਚ ਢਿੱਲ ਦਿਤੀ ਗਈ ਸੀ ਜਿਸ ਮਗਰੋਂ ਸਮੱਸਿਆ ਪੈਦਾ ਹੋ ਗਈ ਸੀ। ਅਧਿਕਾਰੀਆਂ ਨੇ ਦਸਿਆ ਕਿ ਲਗਭਗ 12 ਥਾਵਾਂ 'ਤੇ ਪ੍ਰਦਰਸ਼ਨ ਹੋਏ ਜਿਨ੍ਹਾਂ ਵਿਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਫ਼ਿਲਹਾਲ ਇਹ ਪਤਾ ਨਹੀਂ ਲੱਗਾ ਕਿ ਕੁਲ ਕਿੰਨੇ ਲੋਕ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦਸਿਆ ਕਿ 300 ਤੀਰਥਯਾਤਰੀਆਂ ਨੂੰ ਲੈ ਕੇ ਆ ਰਹੇ ਜਹਾਜ਼ ਸਵੇਰੇ ਸ੍ਰੀਨਗਰ ਹਵਾਈ ਅੱਡੇ 'ਤੇ ਪਹੁੰਚੇ। ਹਾਜੀਆਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਪਰਵਾਰ ਦੇ ਸਿਰਫ਼ ਇਕ ਜੀਅ ਨੂੰ ਆਗਿਆ ਦਿਤੀ ਗਈ ਹੈ। ਹਾਜੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਆਵਾਜਾਈ ਲਈ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਦੀਆਂ ਬਸਾਂ ਨੂੰ ਤੈਨਾਤ ਕੀਤਾ ਗਿਆ ਹੈ।
Restrictions reimposed in parts of Srinagar
ਸਰਕਾਰੀ ਬੁਲਾਰੇ ਰੋਹਿਤ ਕਾਂਸਲ ਨੇ ਕਲ ਦਸਿਆ ਸੀ ਕਿ ਘਾਟੀ ਵਿਚ 35 ਥਾਣਾ ਇਲਾਕਿਆਂ ਵਿਚ ਪਾਬੰਦੀਆਂ ਵਿਚ ਢਿੱਲ ਦਿਤੀ ਗਈ ਹੈ ਹਾਲਾਂਕਿ ਕਈ ਥਾਵਾਂ 'ਤੇ ਨੌਜਵਾਨਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਈਆਂ ਜਿਸ ਮਗਰੋਂ ਪਾਬੰਦੀਆਂ ਦੁਬਾਰਾ ਲਾਗੂ ਕਰ ਦਿਤੀਆਂ ਗਈਆਂ। ਜੰਮੂ ਵਿਚ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਰੋਕਣ ਲਈ ਇਕ ਵਾਰ ਫਿਰ ਪੰਜ ਜ਼ਿਲ੍ਹਿਆਂ ਵਿਚ ਘੱਟ ਗਤੀ ਦੀਆਂ 2 ਜੀ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ। ਇਕ ਦਿਨ ਪਹਿਲਾਂ ਹੀ ਇਨ੍ਹਾਂ ਸੇਵਾਵਾਂ ਨੂੰ ਬਹਾਲ ਕਰ ਦਿਤਾ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਲਗਭਗ 14 ਦਿਨਾਂ ਮਗਰੋਂ ਸਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਜੰਮੂ, ਸਾਂਬਾ, ਕਠੂਆ, ਊਧਮਪੁਰ ਅਤੇ ਰਿਆਸੀ ਜ਼ਿਲ੍ਹਿਆਂ ਵਿਚ ਘੱਟ ਗਤੀ ਦੀਆਂ ਮੋਬਾਈਲ ਇੰਟਰਨੈਟ ਸੇਵਾਵਾਂ ਬਹਾਲ ਕੀਤੀਆਂ ਗਈਆਂ ਸਨ।