
ਵਿਧਾਇਕ ਨੇ ਨਹਿਰੂ ਨੂੰ ਦੇਸ਼ ਦੀ ਵੰਡ ਲਈ ਵੀ ਜ਼ਿੰਮੇਵਾਰ ਦਸਿਆ
ਮੁਜ਼ੱਫ਼ਰਨਗਰ : ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਿਰੁਧ ਅਪਮਾਨਜਨਕ ਟਿਪਣੀ ਕਰਦਿਆਂ ਭਾਜਪਾ ਦੇ ਵਿਧਾਇਕ ਨੇ ਉਨ੍ਹਾਂ ਦੇ ਪੂਰੇ ਪਰਵਾਰ ਨੂੰ 'ਅੱਯਾਸ਼' ਦੱਸ ਦਿਤਾ।
Jawaharlal Nehru
ਯੂਪੀ ਦੇ ਖਤੌਲੀ ਤੋਂ ਭਾਜਪਾ ਵਿਧਾਇਕ ਬਿਕਰਮ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਮਨਾਉਣ ਲਈ ਹੋਏ ਸਮਾਗਮ ਤੋਂ ਪਾਸੇ, ਇਹ ਗੱਲ ਕਹੀ। ਉਨ੍ਹਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਜ਼ਿਕਰ ਕਰਦਿਆਂ ਕਿਹਾ, 'ਨਹਿਰੂ ਤਾਂ ਅੱਯਾਸ਼ ਸੀ।' ਸੈਣੀ ਨੇ ਕਿਹਾ, 'ਉਨ੍ਹਾਂ ਦਾ ਪੂਰਾ ਖ਼ਾਨਦਾਨ ਅੱਯਾਸ਼ ਸੀ। ਰਾਜੀਵ ਗਾਂਧੀ ਨੇ ਇਟਲੀ ਵਿਚ ਵਿਆਹ ਕੀਤਾ।' ਉਨ੍ਹਾਂ ਨਹਿਰੂ ਨੂੰ ਦੇਸ਼ ਦੀ ਵੰਡ ਲਈ ਵੀ ਜ਼ਿੰਮੇਵਾਰ ਦਸਿਆ। ਬਾਅਦ ਵਿਚ ਟੀਵੀ ਚੈਨਲ ਨੇ ਜਦ ਉਨ੍ਹਾਂ ਦੀਆਂ ਟਿਪਣੀਆਂ ਬਾਰੇ ਪੁਛਿਆ ਤਾਂ ਭਾਜਪਾ ਵਿਧਾਇਕ ਨੇ ਦਾਅਵਾ ਕੀਤਾ ਕਿ ਉਹ ਸਿਰਫ਼ ਉਹੀ ਕਹਿ ਰਹੇ ਹਨ ਜੋ ਉਨ੍ਹਾਂ ਨਹਿਰੂ ਬਾਰੇ ਕਿਤਾਬਾਂ ਵਿਚ ਪੜ੍ਹਿਆ ਹੈ।
Nehru was aiyaash, says BJP MLA Vikram Singh Saini
ਉਨ੍ਹਾਂ ਕਿਹਾ, 'ਉਹ ਰੰਗੀਨ ਮਿਜ਼ਾਜ ਵਿਅਕਤੀ ਸਨ, ਉਨ੍ਹਾਂ ਦੇ ਅੰਗਰੇਜ਼ ਔਰਤ ਨਾਲ ਸਬੰਧ ਸਨ। ਦੇਸ਼ ਨੂੰ ਨਹਿਰੂ ਬਾਰੇ ਜ਼ਰੂਰ ਹੀ ਸੱਚ ਦਾ ਸਾਹਮਣਾ ਕਰਨਾ ਚਾਹੀਦਾ ਹੈ।' ਵਿਧਾਇਕ ਦੁਆਰਾ ਉਰਦੂ ਦੇ ਸ਼ਬਦਾਂ ਦੀ ਵਰਤੋਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਜੇ ਕੋਈ ਇਸ ਤੋਂ ਪ੍ਰੇਸ਼ਾਨ ਹੋਇਆ ਤਾਂ ਮੈਂ ਮਾਫ਼ੀ ਮੰਗਦਾ ਹਾਂ।' ਉਨ੍ਹਾਂ ਕਿਹਾ ਕਿ ਅਗਲੀ ਵਾਰ ਉਹ ਕਿਤੇ ਜ਼ਿਆਦਾ ਸਾਵਧਾਨ ਰਹਿਣਗੇ।' ਸੰਪਰਕ ਕੀਤੇ ਜਾਣ 'ਤੇ ਯੂਪੀ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਇਸ ਮੁੱਦੇ 'ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ। ਸੈਣੀ ਨੇ ਪਿਛਲੇ ਮਹੀਨੇ ਵੀ ਵਿਵਾਦਮਈ ਟਿਪਣੀ ਕਰਦਿਆਂ ਕਿਹਾ ਸੀ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਹੋਣ 'ਤੇ ਬਾਕੀ ਭਾਰਤ ਦੇ ਲੋਕ ਉਥੇ ਵਿਆਹ ਕਰ ਸਕਣਗੇ। ਵਿਧਾਇਕ 2013 ਦੇ ਮੁਜ਼ੱਫ਼ਰਨਗਰ ਦੰਗਿਆਂ ਦੌਰਾਨ ਹਿੰਸਾ ਭੜਕਾਉਣ ਦਾ ਮੁਲਜ਼ਮ ਰਿਹਾ ਹੈ।