
ਕਿਹਾ - ਨਿਆਂ ਪਾਲਿਕਾ, ਇਹ ਦੇਸ਼ ਅਤੇ ਮੰਦਰ ਵੀ ਸਾਡਾ ਹੈ
ਲਖਨਊ : ਉੱਤਰ ਪ੍ਰਦੇਸ਼ ਸਰਕਾਰ 'ਚ ਮੰਤਰੀ ਅਤੇ ਭਾਜਪਾ ਆਗੂ ਮੁਕੁਟ ਬਿਹਾਰੀ ਵਰਮਾ ਦਾ ਕਹਿਣਾ ਹੈ ਕਿ ਅਯੁਧਿਆ 'ਚ ਵਿਵਾਦਤ ਬਾਬਰੀ ਮਸਜ਼ਿਦ ਦੀ ਥਾਂ ਰਾਮ ਮੰਦਰ ਨਹੀਂ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਸੁਪਰੀਮ ਕੋਰਟ ਸਾਡਾ ਹੈ। ਉੱਤਰ ਪ੍ਰਦੇਸ਼ ਦੇ ਸਹਿਕਾਰਿਤਾ ਮੰਤਰੀ ਮੁਕੁਟ ਬਿਹਾਰੀ ਵਰਮਾ ਨੇ ਕਿਹਾ, "ਅਯੁਧਿਆ 'ਚ ਰਾਮ ਮੰਦਰ ਦਾ ਨਿਰਮਾਣ ਸਾਡਾ ਮੁੱਖ ਉਦੇਸ਼ ਹੈ। ਸੁਪਰੀਮ ਕੋਰਟ ਸਾਡਾ ਹੈ। ਨਿਆਂ ਪਾਲਿਕਾ, ਇਹ ਦੇਸ਼ ਅਤੇ ਮੰਦਰ ਵੀ ਸਾਡਾ ਹੈ।"
Ram Temple, Supreme Court And Babri Masjid
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 'ਚ ਅਦਾਲਤਾਂ ਵਿਚ ਰਾਮ ਜਨਮ ਭੂਮੀ ਬਾਬਰੀ ਮਸਜ਼ਿਦ ਨਾਲ ਸਬੰਧਤ ਦੋ ਮਾਮਲਿਆਂ ਦੀ ਸੁਣਵਾਈ ਹੋ ਰਹੀ ਹੈ। ਜ਼ਮੀਨ ਨੂੰ ਲੈ ਕੇ ਵਿਵਾਦ ਦੀ ਸੁਣਵਾਈ ਸੁਪਰੀਮ ਕੋਰਟ 'ਚ ਚੱਲ ਰਹੀ ਹੈ ਅਤੇ ਮਸਜ਼ਿਦ ਢਹਾਏ ਜਾਣ ਨਾਲ ਸਬੰਧਤ ਇਕ ਮਾਮਲੇ ਦੀ ਸੁਣਵਾਈ ਲਖਨਊ 'ਚ ਵਿਸ਼ੇਸ਼ ਅਦਾਲਤ ਕਰ ਰਹੀ ਹੈ। ਹਾਲਾਂਕਿ ਇਸ ਬਿਆਨ ਦੀ ਨਿਖੇਧੀ ਹੋਣ 'ਤੇ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਕਿਹਾ ਕਿ ਸੁਪਰੀਮ ਕੋਰਟ ਸਰਕਾਰ ਦਾ ਹੈ। ਉਨ੍ਹਾਂ ਦਾ ਮਤਲਬ ਸੀ ਕਿ ਲੋਕ ਅਦਾਲਤ 'ਤੇ ਭਰੋਸਾ ਕਰਦੇ ਹਨ। 'ਸੁਪਰੀਮ ਕੋਰਟ ਸਾਡਾ ਹੈ' ਤੋਂ ਮੇਰਾ ਮਤਲਬ ਸੀ ਕਿ ਅਸੀ ਇਸ ਦੇਸ਼ ਦੇ ਵਾਸੀ ਹਾਂ ਅਤੇ ਅਸੀ ਸੁਪਰੀਮ ਕੋਰਟ 'ਚ ਭਰੋਸਾ ਕਰਦੇ ਹਾਂ। ਮੈਂ ਅਜਿਹਾ ਕਦੇ ਨਹੀਂ ਕਿਹਾ ਕਿ ਇਹ ਸਾਡੀ ਸਰਕਾਰ ਦਾ ਹੈ।
Mukut Bihari Verma
ਹਾਲਾਂਕਿ ਉਹ ਇਸ ਗੱਲ 'ਤੇ ਸਪਸ਼ਟੀਕਰਨ ਨਹੀਂ ਦੇ ਸਕੇ ਕਿ ਉਨ੍ਹਾਂ ਨੂੰ ਕਿਵੇਂ ਪਤਾ ਹੈ ਕਿ ਅਦਾਲਤ ਵਿਵਾਦਤ ਜ਼ਮੀਨ 'ਤੇ ਮੰਦਰ ਨਿਰਮਾਣ ਲਈ ਉਨ੍ਹਾਂ ਦੇ ਪੱਖ 'ਚ ਫ਼ੈਸਲਾ ਸੁਣਾਏਗੀ। ਜ਼ਿਕਰਯੋਗ ਹੈ ਕਿ ਬੀਤੇ ਜੂਨ ਮਹੀਨੇ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਸੀ ਕਿ ਸੰਸਦ ਨੂੰ ਇਸ ਮੁੱਦੇ 'ਤੇ ਕਾਨੂੰਨ ਬਣਾਉਣ ਲਈ ਵਿਚਾਰ ਕਰਨਾ ਚਾਹੀਦਾ ਹੈ। ਰਾਸ਼ਟਰੀ ਸਵੈਂ ਸੇਵਕ ਸੰਘ ਵੀ ਪਹਿਲਾਂ ਕਹਿ ਚੁੱਕਾ ਹੈ ਕਿ ਮੋਦੀ ਸਰਕਾਰ ਰਾਮ ਮੰਦਰ 'ਤੇ ਆਰਡੀਨੈਂਸ ਲੈ ਕੇ ਆਵੇ।