
PU ਨਾਲ ਜੁੜੀਆਂ ਸ਼ਖ਼ਸੀਅਤਾਂ, ਪੁਰਾਣੇ ਅਧਿਕਾਰੀਆਂ, ਕਿਤਾਬਾਂ, ਕੈਲੰਡਰਾਂ, ਸਕੈੱਚ ਆਦਿ ਦਾ ਰਿਕਾਰਡ ਵੀ ਕੀਤਾ ਜਾਵੇਗਾ ਡਿਜੀਟਲ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ 140 ਸਾਲਾਂ ਦੇ ਰਿਕਾਰਡ ਨੂੰ ਆਨਲਾਈਨ ਕਰੇਗੀ। ਇਹ ਰਿਕਾਰਡ ਲਗਾਤਾਰ ਧੁੰਦਲਾ ਹੁੰਦਾ ਜਾ ਰਿਹਾ ਹੈ। ਕਈਆਂ ਦੇ ਪੰਨੇ ਫੱਟ ਰਹੇ ਹਨ ਤੇ ਕਈਆਂ ਦੇ ਪੀਲੇ ਪੈ ਗਏ ਹਨ। ਇਸ ਰਿਕਾਰਡ ਨੂੰ ਸੁਰੱਖਿਅਤ ਕਰਨ ਲਈ ਇਹ ਕਦਮ ਚੁੱਕੇ ਜਾ ਰਹੇ ਹਨ, ਇਸ ਲਈ ਪੂਰਾ ਡੇਟਾ ਆਨਲਾਈਨ ਫਾਰਮੈਟ ਵਿਚ ਰੱਖਿਆ ਜਾਵੇਗਾ। ਪੰਜਾਬ ਯੂਨੀਵਰਸਿਟੀ ਦੀ ਸ਼ੁਰੂਆਤ ਲਾਹੌਰ ਤੋਂ 1882 ਵਿਚ ਹੋਈ ਸੀ। ਉਸ ਤੋਂ ਬਾਅਦ 1956 ਵਿਚ ਚੰਡੀਗੜ੍ਹ ਕੈਂਪਸ ਸ਼ੁਰੂ ਕੀਤਾ ਗਿਆ।
ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਪੀਯੂ ਕੋਲ ਹੈ। ਪੁਰਾਣੇ ਰਿਕਾਰਡ ਹੋਣ ਕਾਰਨ ਉਸ ਦੀ ਹਾਲਤ ਠੀਕ ਨਹੀਂ ਹੈ। ਅਲਮਾਰੀਆਂ ਵਿਚ ਰੱਖੇ ਰਿਕਾਰਡ ਪੀਲੇ ਪੈ ਰਹੇ ਹਨ। ਇਸ ਰਿਕਾਰਡ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ, ਪੀਯੂ ਇਸ ਨੂੰ ਡਿਜੀਟਾਈਜ਼ ਕਰਨਾ ਚਾਹੁੰਦੀ ਹੈ। ਇਸ ਦੀ ਯੋਜਨਾ ਪੰਜ ਸਾਲ ਪਹਿਲਾਂ ਬਣੀ ਸੀ ਪਰ ਇਸ 'ਤੇ ਸਹੀ ਕੰਮ ਨਹੀਂ ਹੋ ਸਕਿਆ। ਹੁਣ ਇਸ ਲਈ ਏਜੰਸੀ ਦੀ ਚੋਣ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਡਿਗਰੀਆਂ ਆਨਲਾਈਨ ਕਰਨ ਵਾਲੀ ਏਜੰਸੀ ਨੂੰ ਰਿਕਾਰਡ ਆਨਲਾਈਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਲੱਖਾਂ ਫਾਈਲਾਂ ਅਪਲੋਡ ਕੀਤੀਆਂ ਜਾਣਗੀਆਂ। ਇਸ ਦੇ ਲਈ ਸਮਾਂ ਵੀ ਲੱਗੇਗਾ।
ਮਾਹਿਰਾਂ ਦਾ ਕਹਿਣਾ ਹੈ ਕਿ ਦੋ ਸਾਲਾਂ ਵਿਚ ਇਹ ਸਾਰਾ ਰਿਕਾਰਡ ਆਨਲਾਈਨ ਹੋ ਸਕਦਾ ਹੈ। ਇਸ ਦੇ ਲਈ ਪੀਯੂ ਨੂੰ ਲੱਖਾਂ ਰੁਪਏ ਖਰਚ ਕਰਨੇ ਪੈਣਗੇ ਪਰ ਰਿਕਾਰਡ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ। ਇੱਕ ਕਲਿੱਕ 'ਤੇ ਲੋੜੀਂਦੇ ਸਾਲ ਦਾ ਰਿਕਾਰਡ ਅਧਿਕਾਰੀ ਦੇਖ ਸਕਣਗੇ ਅਤੇ ਵਿਦਿਆਰਥੀ ਵੀ ਇਸ ਦਾ ਲਾਭ ਲੈ ਸਕਣਗੇ। ਇਸ ਦੇ ਤਹਿਤ ਪੀਯੂ ਨਾਲ ਜੁੜੀਆਂ ਸ਼ਖ਼ਸੀਅਤਾਂ, ਪੁਰਾਣੇ ਅਧਿਕਾਰੀਆਂ, ਕਿਤਾਬਾਂ, ਕੈਲੰਡਰ, ਸਕੈੱਚ ਆਦਿ ਦੇ ਰਿਕਾਰਡ ਨੂੰ ਵੀ ਡਿਜੀਟਲ ਕਰਨਾ ਹੋਵੇਗਾ। ਇਸ ਕੰਮ ਵਿਚ ਏਜੰਸੀ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਵੀ ਲੱਗ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੀਯੂ ਦੀ ਪ੍ਰੀਖਿਆ ਤੋਂ ਬਾਅਦ ਏਜੰਸੀ ਦੀ ਚੋਣ ਕੀਤੀ ਜਾ ਸਕਦੀ ਹੈ। ਇਕਰਾਰਨਾਮਾ ਹੋਣ ਤੋਂ ਬਾਅਦ ਹੀ ਇਹ ਕੰਮ ਅੱਗੇ ਵਧਾਇਆ ਜਾਵੇਗਾ।
ਪੰਜਾਬ ਯੂਨੀਵਰਸਿਟੀ ਨੇ ਤਿੰਨ ਸਾਲ ਪਹਿਲਾਂ ਡਿਗਰੀਆਂ ਆਨਲਾਈਨ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਸ਼ੁਰੂਆਤੀ ਪੜਾਅ ਵਿਚ ਪੀਐਚਡੀ ਦੀਆਂ ਡਿਗਰੀਆਂ ਆਨਲਾਈਨ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ 15 ਹਜ਼ਾਰ ਤੋਂ ਵੱਧ ਮਾਸਟਰਜ਼ ਵਿਦਿਆਰਥੀਆਂ ਦੀਆਂ ਡਿਗਰੀਆਂ ਆਨਲਾਈਨ ਕੀਤੀਆਂ ਗਈਆਂ। ਫਿਲਹਾਲ ਇਹਨਾਂ ਡਿਗਰੀਆਂ ਦਾ ਆਨਲਾਈਨ ਕੰਮ ਬੰਦ ਹੈ ਕਿਉਂਕਿ ਪੀਯੂ ਸਮੈਸਟਰ ਦੀ ਪ੍ਰੀਖਿਆ ਵਿਚ ਰੁੱਝੀਆ ਹੋਈ ਹੈ। ਪ੍ਰੀਖਿਆਵਾਂ ਤੋਂ ਬਾਅਦ ਇਸ 'ਤੇ ਕੰਮ ਦੁਬਾਰਾ ਸ਼ੁਰੂ ਹੋ ਜਾਵੇਗਾ। ਪੀਯੂ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਵਿਚ ਸਾਰੀਆਂ ਮਾਸਟਰ ਡਿਗਰੀਆਂ ਆਨਲਾਈਨ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਅੰਡਰ ਗਰੈਜੂਏਟ ਵਿਦਿਆਰਥੀਆਂ ਦੀਆਂ ਡਿਗਰੀਆਂ ਲਈਆਂ ਜਾਣਗੀਆਂ। ਇਸ ਕੰਮ ਵਿਚ ਥੋੜ੍ਹਾ ਸਮਾਂ ਲੱਗੇਗਾ ਪਰ ਬਾਅਦ ਵਿਚ ਸਭ ਕੁਝ ਆਸਾਨ ਹੋ ਜਾਵੇਗਾ।