
ਮੋਟਰ ਐਕਟ ਤਹਿਤ ਕੱਟਿਆ ਜਾ ਸਕਦੈ 10 ਹਜ਼ਾਰ ਰੁਪਏ ਦਾ ਚਲਾਨ
ਚੰਡੀਗੜ੍ਹ : ਸੜਕ 'ਤੇ ਅਣਗਹਿਲੀ ਨਾਲ ਵਾਹਨ ਚਲਾਉਣ ਵਾਲਿਆਂ 'ਤੇ ਨਕੇਲ ਕੱਸਣ ਦੀ ਮਨਸ਼ਾ ਨਾਲ ਸਰਕਾਰ ਵਲੋਂ ਐਲਾਨ ਕੀਤੇ ਭਾਰੀ ਜੁਰਮਾਨਿਆਂ ਤੋਂ ਬਾਅਦ ਇਸ ਦੇ ਸਾਰਥਕ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਪਿਛਲੇ ਦਿਨਾਂ ਦੀਆਂ ਰਿਪੋਰਟਾਂ ਮੁਤਾਬਕ ਪਹਿਲਾਂ ਦੇ ਮੁਕਾਬਲੇ ਸੜਕ ਹਾਦਸਿਆਂ ਵਿਚ ਕਮੀ ਵੇਖਣ ਨੂੰ ਮਿਲੀ ਹੈ। ਪਰ ਸੜਕਾਂ 'ਤੇ ਪੈਦਲ ਚੱਲਣ ਵਾਲਿਆਂ ਅਤੇ ਐਮਰਜੈਂਸੀ ਦੀ ਹਾਲਤ ਵਿਚ ਗੁਜ਼ਰ ਰਹੀਆਂ ਐਂਬੂਲੈਂਸਾਂ ਲਈ ਲੋਕਾਂ ਦਾ ਸਵੱਈਆ ਸਾਰਥਕ ਨਹੀਂ ਹੈ।
Photo
ਆਮ ਵੇਖਣ ਵਿਚ ਆਉਂਦਾ ਹੈ ਕਿ ਐਂਬੂਲੈਂਸ ਦਾ ਸਾਇਰਨ ਰੌਲਾ ਪਾਉਂਦਾ ਰਹਿ ਜਾਂਦਾ ਹੈ ਜਦਕਿ ਲੋਕ ਤੁਰਤ ਸਾਈਡ ਦੇਣ ਦੀ ਬਜਾਏ ਅਪਣੀ ਮਸਤੀ ਨਾਲ ਸੜਕ 'ਤੇ ਚੱਲਣਾ ਜਾਰੀ ਰੱਖਦੇ ਹਨ। ਹੁਣ ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਨੇ ਅਜਿਹੇ ਲੋਕਾਂ ਨੂੰ ਸਖਕ ਸਿਖਾਉਣ ਦੀ ਤਿਆਰੀ ਵੀ ਖਿੱਚ ਲਈ ਹੈ। ਹੁਣ ਸੜਕ 'ਤੇ ਐਂਬੂਲੈਂਸ ਨੂੰ ਰਸਤਾ ਦੇਣ 'ਚ ਅਣਗਹਿਲੀ ਵਰਤਣ ਵਾਲਿਆਂ ਨੂੰ 10 ਹਜ਼ਾਰ ਤਕ ਦਾ ਭਾਰੀ ਭਰਕਮ ਜੁਰਮਾਨਾ ਭਰਨਾ ਪੈ ਸਕਦਾ ਹੈ।
Photo
ਟ੍ਰੈਫ਼ਿਕ ਪੁਲਿਸ ਵਲੋਂ ਜਾਰੀ ਕੀਤੇ ਗਏ ਨਵੀਆਂ ਹਦਾਇਤਾਂ ਮੁਤਾਬਕ 'ਐਂਬੂਲੈਂਸ ਦਾ ਸਾਇਰਨ ਕਿਸੇ ਦੇ ਦਿਲ ਦੀਆਂ ਘੱਟ ਰਹੀਆਂ ਧੜਕਣਾਂ' ਦਾ ਸੰਕੇਤ ਵੀ ਹੋ ਸਕਦੈ ਜੋ ਕਿਸੇ ਰਾਹਗੀਰ ਵਲੋਂ ਰਸਤਾ ਦੇਣ 'ਚ ਕੀਤੀ ਦੇਰੀ ਕਾਰਨ ਬੰਦ ਵੀ ਹੋ ਸਕਦੀਆਂ ਹਨ। ਸੜਕ 'ਤੇ ਅਜਿਹੀ ਅਣਗਹਿਲੀ ਵਰਤਣ ਵਾਲਿਆਂ 'ਤੇ ਹੁਣ 10 ਹਜ਼ਾਰ ਰੁਪਏ ਜੁਰਮਾਨਾ ਠੋਕਿਆ ਜਾਵੇਗਾ।
Photo
ਟ੍ਰੈਫ਼ਿਕ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਲੋਕ ਐਂਬੂਲੈਂਸ ਦੇ ਸਾਇਰਨ ਨੂੰ ਅਣਗੌਲਿਆ ਕਰ ਦਿੰਦੇ ਹਨ। ਇਸ ਕਾਰਨ ਮਰੀਜ਼ ਨੂੰ ਹਸਪਤਾਲ ਪਹੁੰਚਾਉਣ 'ਚ ਹੋਈ ਦੇਰੀ ਜਾਨਲੇਵਾ ਸਾਬਤ ਹੁੰਦੀ ਹੈ। ਟ੍ਰੈਫ਼ਿਕ ਨਿਯਮਾਂ ਮੁਤਾਬਕ ਐਂਬੂਲੈਂਸ ਨੂੰ ਰਸਤਾ ਛੱਡਣ 'ਚ ਅਣਗਹਿਲੀ ਵਰਤਣ ਵਾਲਿਆਂ ਦਾ ਮੋਟਰ ਵਹੀਕਲ ਐਕਟ ਤਹਿਤ ਚਲਾਨ ਕੱਟਿਆ ਜਾਵੇਗਾ।
Photo
ਚੰਡੀਗੜ੍ਹ ਅੰਦਰ ਤਿੰਨ ਮੁੱਖ ਮਾਰਗ ਮੱਧ ਮਾਰਗ, ਦੱਖਣ ਮਾਰਗ ਅਤੇ ਉਦਯੋਗ ਮਾਰਗ 'ਤੇ ਵਾਹਨ ਰੋਕਣ ਜਾਂ ਪਾਰਕ ਕਰਨ 'ਤੇ ਵੀ ਚਲਾਨ ਕੱਟਿਆ ਜਾਵੇਗਾ। ਫ਼ਰਵਰੀ ਮਹੀਨੇ ਦੌਰਾਨ ਹੁਣ ਤਕ ਪੁਲਿਸ ਇਨ੍ਹਾਂ ਮਾਰਗਾਂ 'ਤੇ ਵਾਹਨ ਰੋਕਣ ਵਾਲੇ 600 ਲੋਕਾਂ ਦੇ ਚਲਾਨ ਕੱਟ ਚੁੱਕੀ ਹੈ। ਟ੍ਰੈਫ਼ਿਕ ਪੁਲਿਸ ਮੁਤਾਬਕ ਆਉਂਦੇ ਦਿਨਾਂ 'ਚ ਵੀ ਇਹ ਮੁਹਿੰਮ ਮੁਤਵਾਤਰ ਜਾਰੀ ਰਹੇਗੀ।