‘ਨੋਟਬੰਦੀ’ ਦੇਸ਼ ਦਾ ਸਭ ਤੋਂ ਵੱਡਾ ਘਪਲਾ, ਕਪਿਲ ਸਿੱਬਲ ਨੇ ਕੀਤਾ ਵੱਡਾ ਖ਼ੁਲਾਸਾ
Published : Apr 19, 2019, 7:53 pm IST
Updated : Apr 19, 2019, 7:53 pm IST
SHARE ARTICLE
Kapil Sibal
Kapil Sibal

ਨੋਟਬੰਦੀ ਮਗਰੋਂ ਕੀਤੇ ਗਏ ਸਟਿੰਗ ਆਪਰੇਸ਼ਨ ਨੂੰ ਮੀਡੀਆ ਸਾਹਮਣੇ ਕੀਤਾ ਗਿਆ ਜਾਰੀ

ਚੰਡੀਗੜ੍ਹ: ਗੁਜਰਾਤ ਦੇ ਅਹਿਮਦਾਬਾਦ ਵਿਖੇ ਕਪਿਲ ਸਿੱਬਲ ਨੇ ਇਕ ਪ੍ਰੈਸ ਕਾਨਫਰੰਸ ਕਰ ਕੁਝ ‘ਅਣਪਛਾਤੇ ਪੱਤਰਕਾਰਾਂ’ ਵਲੋਂ ਕੀਤੇ ਗਏ ਇਕ ਸਟਿੰਗ ਆਪਰੇਸ਼ਨ ਨੂੰ ਪੱਤਰਕਾਰਾਂ ਸਾਹਮਣੇ ਮੁੜ ਰੱਖਿਆ। ਇਹ ਸਟਿੰਗ ਆਪਰੇਸ਼ਨ ਨੋਟਬੰਦੀ ਕਰਨ ਪਿੱਛੇ ‘ਅਸਲ ਮਨਸ਼ਾ’ ਦਾ ਖ਼ੁਲਾਸਾ ਕਰਦਾ ਹੈ ਇਹ ਕਹਿਣਾ ਹੈ ਕਪਿਲ ਸਿੱਬਲ ਅਤੇ ਸਟਿੰਗ ਕਰਨ ਵਾਲੇ ਉਨ੍ਹਾਂ ਪੱਤਰਕਾਰਾਂ ਦਾ। ਜ਼ਿਕਰਯੋਗ ਹੈ ਕਿ 2016 ਦੀ 8 ਨਵੰਬਰ ਨੂੰ ਰਾਤ 8 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ।

Kapil SibalKapil Sibal

ਇਸ ਵਿਚ 500 ਅਤੇ 1000 ਦੇ ਪੁਰਾਣੇ ਨੋਟ ਰੱਦ ਕਰ ਦਿਤੇ ਗਏ ਸਨ। ਮੋਦੀ ਵਲੋਂ ਉਸ ਵੇਲੇ ਐਲਾਨ ਕਰਦੇ ਹੋਏ ਇਹ ਕਿਹਾ ਗਿਆ ਸੀ ਕਿ ਅਤਿਵਾਦ, ਕਾਲਾ ਧਨ ਅਤੇ ਨਕਲੀ ਨੋਟਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਨੋਟਬੰਦੀ ਤੋਂ ਬਾਅਦ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਦੋ ਹਜ਼ਾਰ ਦੀ ਮਾਮੂਲੀ ਰਕਮ ਅਪਣੇ ਹੀ ਖ਼ਾਤੇ ਵਿਚੋਂ ਕਢਵਾਉਣ ਲਈ ਘੰਟਿਆਂ ਬੱਧੀ ਲੰਮੀਆਂ ਕਤਾਰਾਂ ਵਿਚ ਖੜ੍ਹਾ ਹੋਣਾ ਪਿਆ ਸੀ। ਘਰ ਵਿਚ ਜੇ ਕੋਈ ਬੀਮਾਰ ਸੀ ਤਾਂ ਉਸ ਦਾ ਇਲਾਜ ਇਕ ਮੁਸੀਬਤ ਬਣ ਗਿਆ ਸੀ।

ਜੇ ਕੋਈ ਵਿਆਹ ਜਾਂ ਕੋਈ ਹੋਰ ਕਾਰਜ ਸੀ ਤਾਂ ਉਸ ਜੋਗੇ ਪੈਸੇ ਜੁਟਾਉਣੇ ਵੀ ਔਖੇ ਹੋ ਗਏ ਸਨ। ਨੋਟਬੰਦੀ ਤੋਂ ਬਾਅਦ ਪੈਸਿਆਂ ਦਾ ਇੰਤਜ਼ਾਮ ਕਰਦੇ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। 8 ਨਵੰਬਰ ਦੇ ਉਸ ਐਲਾਨ ਵਿਚ ਮੋਦੀ ਨੇ ਇਹ ਕਿਹਾ ਸੀ ਕਿ ਪੁਰਾਣੇ ਨੋਟਾਂ ਦੀ ਬਦਲੀ  30 ਦਸੰਬਰ ਤੱਕ ਕੀਤੀ ਜਾ ਸਕਦੀ ਹੈ ਪਰ 25 ਨਵੰਬਰ ਨੂੰ ਹੀ ਨੋਟਾਂ ਦੀ ਬਦਲੀ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਸਰਕਾਰ ਵਲੋਂ ਆ ਗਏ ਸਨ। ਇਸ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ।

DemonitizationDemonitization

ਕਪਿਲ ਸਿੱਬਲ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਦਿਤੇ ਗਏ ਨੋਟਬੰਦੀ ਦੇ ਕਾਰਨ ਝੂਠ ਸਨ ਜਦਕਿ ਇਸ ਪਿੱਛੇ ਅਸਲ ਕਾਰਨ ਕੁਝ ਹੋਰ ਹੀ ਸੀ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਅਸਲ ਕਾਰਨ ਅਮੀਰਾਂ ਦਾ ਕਾਲਾ ਧਨ ਬਦਲ ਕੇ ਉਸ ਵਿਚੋਂ ਭਾਰੀ ਕਮਿਸ਼ਨ ਕਮਾਉਣਾ ਹੀ ਅਸਲ ਮੰਤਵ ਸੀ। ਸਿੱਬਲ ਮੁਤਾਬਕ ਉਨ੍ਹਾਂ ਦਿਨਾਂ ਵਿਚ ਨੋਟਾਂ ਦੀ ਬਦਲੀ ਦੀ ਕਮਿਸ਼ਨ 15 ਫ਼ੀ ਸਦੀ ਤੋਂ ਲੈ ਕੇ 40 ਫ਼ੀ ਸਦੀ ਤੱਕ ਸੀ। ਇਸ ਵਿਚ ਬੈਂਕਰ, ਵਿਚੋਲੇ ਅਤੇ ਸਿਆਸਤਦਾਨ ਸਾਰੇ ਹੀ ਭਾਗੀਦਾਰ ਸਨ।

ਸਿੱਬਲ ਨੇ ਨੋਟਬੰਦੀ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਵਾਪਰਿਆ ਸਭ ਤੋਂ ਵੱਡਾ ਘੋਟਾਲਾ ਕਿਹਾ ਹੈ। ਪ੍ਰੈਸ ਕਾਨਫਰੰਸ ਵਿਚ ਲਗਭੱਗ ਅੱਧੇ ਘੰਟੇ ਦੀ ਇਕ ਵੀਡੀਓ ਦਿਖਾਈ ਗਈ ਜੋ ਕਿ ਕੁਝ ਪੱਤਰਕਾਰਾਂ ਨੇ ਬਣਾਈ ਸੀ। ਇਨ੍ਹਾਂ ਪੱਤਰਕਾਰਾਂ ਦੇ ਨਾਂਅ ਨਹੀਂ ਦੱਸੇ ਗਏ ਇਨ੍ਹਾਂ ਨੇ ਭਾਜਪਾ ਦੇ ਅਹਿਮਦਾਬਾਦ ਵਿਖੇ ਹੈੱਡਕੁਆਰਟਰ, ਸ਼੍ਰੀ ਕਮਲਮ ਤੋਂ ਇਹ ਸਟਿੰਗ ਆਪਰੇਸ਼ਨ ਸ਼ੁਰੂ ਕੀਤਾ। ਸਟਿੰਗ ਆਪਰੇਸ਼ਨ ਨਾਲ ਸਬੰਧਤ ਵੀਡੀਓ ਦੀ ਸ਼ੁਰੂਆਤ ਵਿਚ ਇਕ ਵਿਅਕਤੀ ਭਾਜਪਾ ਹੈੱਡਕੁਆਰਟਰ, ਸ਼੍ਰੀ ਕਮਲਮ ਵਿਖੇ ਜਾਂਦਾ ਹੈ ਅਤੇ ਲਗਭੱਗ ਇਕ ਘੰਟੇ ਬਾਅਦ ਬਾਹਰ ਨਿਕਲਦਾ ਹੈ।

ਧਿਆਨ ਦੇਣ ਯੋਗ ਇਹ ਗੱਲ ਹੈ ਕਿ ਉਹ ਅੰਦਰ ਖ਼ਾਲੀ ਹੱਥ ਜਾਂਦਾ ਹੈ ਅਤੇ ਬਾਹਰ ਇਕ ਟਰਾਲੀ ਬੈਗ ਲੈ ਕੇ ਨਿਕਲਦਾ ਹੈ। ਫਿਰ ਉਹ ਇਨ੍ਹਾਂ ਪੱਤਰਕਾਰਾਂ ਨੂੰ ਦੂਰ ਇਕ ਫਾਰਮਹਾਊਸ ਵਿਚ ਸਥਿਤ ਇਕ ਦਫ਼ਤਰ ਵਿਚ ਲੈ ਕੇ ਜਾਂਦਾ ਹੈ ਜਿੱਥੇ ਕਿ ਮੋਦੀ ਅਤੇ ਅਮਿਤਸ਼ਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਸਟਿੰਗ ਆਪਰੇਸ਼ਨ ਕਰਨ ਵਾਲੇ ਪੱਤਰਕਾਰ ਇਸ ਸ਼ਖ਼ਸ ਕੋਲ 5 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲਾਉਣ ਦੇ ਬਹਾਨੇ ਗਏ ਸਨ। ਇਸ ਪੂਰੇ ਸਫ਼ਰ ਦੌਰਾਨ ਅਤੇ ਉਸ ਆਫ਼ਿਸ ਵਿਚ ਪਹੁੰਚ ਕੇ ਵੀ ਉਹ ਵਿਅਕਤੀ ਲਗਾਤਾਰ ਫ਼ੋਨ ਉਤੇ ਲਗਾਤਾਰ ਗੱਲ ਕਰਦਾ ਰਹਿੰਦਾ ਹੈ।

ਉਸ ਆਫ਼ਿਸ ਵਿਚ ਦੋ ਹਜ਼ਾਰ ਦੇ ਨਵੇਂ ਨੋਟ ਗਿਣਨ ਵਾਲੀ ਮਸ਼ੀਨ ਵੀ ਲੱਗੀ ਹੋਈ ਸੀ। ਪੱਤਰਕਾਰ ਉਸ ਸ਼ਖ਼ਸ ਨੂੰ ਕਹਿੰਦੇ ਹਨ ਕਿ ਪੰਜ ਕਰੋੜ ਦੇ ਬਦਲੇ 3 ਕਰੋੜ ਦੀ ਰਕਮ ਮਿਲਣਾ ਤਾਂ ਥੋੜਾ ਜ਼ਿਆਦਾ ਹੈ ਤਾਂ ਉਹ ਸ਼ਖ਼ਸ ਅੱਗਿਓਂ ਜਵਾਬ ਦਿੰਦਾ ਹੈ ਕਿ ਅਸੀਂ ਤਾਂ ਕੇਵਲ ਛੋਟਾ ਜਿਹਾ ਹਿੱਸਾ ਰੱਖਣਾ ਹੈ ਬਾਕੀ ਤਾਂ ਉੱਪਰ ਪਹੁੰਚਾਉਣਾ ਹੈ। ਫਿਰ ਉਹ ਕਹਿੰਦਾ ਹੈ ਕਿ 5 ਕਰੋੜ ਤਾਂ ਬਹੁਤ ਛੋਟੀ ਰਕਮ ਹੈ ਉਹ ਤਾਂ 50-100 ਕਰੋੜ ਵੀ ਬਦਲਵਾ ਸਕਦਾ ਹੈ, ਕਿਤੇ ਵੀ ਕਿਸੇ ਵੀ ਵੇਲੇ ਗੁਜਰਾਤ ਵਿਚ ਜਾਂ ਮੁੰਬਈ ਵਿਚ।

Old NotesCash

ਉਹ ਕਹਿੰਦਾ ਹੈ ਕਿ ਇਸ ਰਕਮ ਨੂੰ ਨਾ ਪੁਲਿਸ ਨਾ ਟ੍ਰੈਫ਼ਿਕ ਵਾਲੇ ਰੋਕ ਸਕਣਗੇ ਕਿਉਂਕਿ ਇਹ ਬਹੁਤ ਹੀ ਤਾਕਤਵਰ ਲੋਕਾਂ ਦਾ ਕੰਮ ਹੈ। ਦੱਸ ਦਈਏ ਕਿ ਉਨ੍ਹਾਂ ਦਿਨਾਂ ਵਿਚ ਪੁਲਿਸ ਵਲੋਂ ਪੁਰਾਣੇ ਨੋਟਾਂ ਵਾਸਤੇ ਆਉਂਦੀਆਂ ਜਾਂਦੀਆਂ ਗੱਡੀਆਂ ਦੀ ਤਲਾਸ਼ੀ ਵੀ ਕੀਤੀ ਜਾਂਦੀ ਸੀ। ਇਸ ਮਗਰੋਂ ਉਹ ਸ਼ਖ਼ਸ 5 ਕਰੋੜ ਦੇ ਨੋਟਾਂ ਨੂੰ ਚੈੱਕ ਕਰਦਾ ਹੈ ਅਤੇ ਇਕ ਫ਼ੋਨ ਕਰਦਾ ਹੈ। ਫ਼ੋਨ ਤੋਂ ਬਾਅਦ ਗੱਲਬਾਤ ਕਰਦਿਆਂ ਉਹ ਸ਼ਖ਼ਸ ਦੱਸਦਾ ਹੈ ਕਿ ਸਾਰਾ ਪੈਸਾ ਦੁਬਈ ਦੇ ਇਕ ਪ੍ਰਾਜੈਕਟ ਵਿਚ ਨਿਵੇਸ਼ ਕੀਤਾ ਜਾਵੇਗਾ।

ਉਹ ਉਸ ਪ੍ਰਾਜੈਕਟ ਦਾ ਬਰੋਸ਼ਰ ਵੀ ਦਿਖਾਉਂਦਾ ਹੈ ਜਿਸ ਉਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਤਸਵੀਰ ਲੱਗੀ ਹੋਈ ਸੀ। ਇਹ ਪੱਤਰਕਾਰ ਬਰੋਸ਼ਰ ਰੱਖਦੇ ਹੋਏ ਕਹਿੰਦਾ ਹੈ ‘ਕਮਾਲ ਹੈ’ ਤਾਂ ਅੱਗਿਓਂ ਉਹ ਸ਼ਖ਼ਸ ਕਹਿੰਦਾ ਹੈ, ‘ਕਮਾਲ ਨਹੀਂ, ਕਮਲ ਦਾ ਕਮਾਲ ਹੈ।’ ਉਸ ਫ਼ੋਨ ਮਗਰੋਂ ਇਕ ਹੋਰ ਸ਼ਖ਼ਸ ਆਉਂਦਾ ਹੈ ਜਿਸ ਨੂੰ ਵੇਖ ਕੇ ਇਹ ਆਦਰ ਵਜੋਂ ਖੜ੍ਹਾ ਹੋ ਜਾਂਦਾ ਹੈ। ਫਿਰ ਇਹ ਦੋਵੇਂ ਇਕ ਸਟ੍ਰਾਂਗ ਰੂਮ ਵਿਚ ਚਲੇ ਜਾਂਦੇ ਹਨ। ਇਸ ਦੌਰਾਨ ਉਹ ਪਹਿਲਾ ਸ਼ਖ਼ਸ ਅਪਣਾ ਫ਼ੋਨ ਟੇਬਲ ਉਤੇ ਹੀ ਭੁੱਲ ਜਾਂਦਾ ਹੈ।

Phone CallPhone Call

ਉਸ ਦਾ ਫ਼ੋਨ ਲਗਾਤਾਰ ਵੱਜਦਾ ਹੈ ਅਤੇ ਸਟਿੰਗ ਆਪਰੇਸ਼ਨ ਕਰ ਰਹੇ ਪੱਤਰਕਾਰ ਕੈਮਰੇ ਵਿਚ ਰਿਕਾਰਡ ਕਰ ਲੈਂਦੇ ਹਨ ਕਿ ਆਉਣ ਵਾਲਾ ਫ਼ੋਨ ‘ਕਮਲਮ’ ਦੇ ਨਾਂਅ ਤੋਂ ਫੀਡ ਕੀਤਾ ਗਿਆ ਹੈ। ਫ਼ੋਨ ਦੇਣ ਦੇ ਬਹਾਨੇ ਪੱਤਰਕਾਰ ਦੱਬੇ ਪੈਰੀਂ ਉਸ ਸਟ੍ਰਾਂਗ ਰੂਮ ਵਿਚ ਦਾਖ਼ਲ ਹੁੰਦਾ ਹੈ। ਸਟ੍ਰਾਂਗ ਰੂਮ ਵਿਚ ਹੈਰਾਨੀਜਨਕ ਦ੍ਰਿਸ਼ ਵੀਡੀਓ ਵਿਚ ਵੇਖਣ ਨੂੰ ਮਿਲਦਾ ਹੈ। ਅੰਦਰ ਵੜਦਿਆਂ ਹੀ ਇਕ ਸੂਟਕੇਸ ਨਵੇਂ ਨੋਟਾਂ ਨਾਲ ਭਰਿਆ ਪਿਆ ਦਿਖਦਾ ਹੈ ਅਤੇ ਉਸ ਤੋਂ ਅੱਗੇ ਦੋ ਹਜ਼ਾਰ ਦੇ ਨਵੇਂ ਨੋਟਾਂ ਦਾ ਉੱਚਾ ਢੇਰ ਦਿਖਦਾ ਹੈ। ਕਪਿਲ ਸਿੱਬਲ ਨੇ ਇਸ ਨੂੰ ਨੋਟਾਂ ਦੀ ਦੀਵਾਰ ਆਖਿਆ।

CashCash

ਜ਼ਿਕਰਯੋਗ ਹੈ ਕਿ ਇਹ ਸਟਿੰਗ ਆਪਰੇਸ਼ਨ 31 ਦਸੰਬਰ ਤੋਂ ਬਾਅਦ ਦਾ ਹੈ ਜਦੋਂ ਕਿਸੇ ਵੀ ਆਮ ਆਦਮੀ ਨੂੰ ਅਪਣੇ ਹੀ ਖ਼ਾਤੇ ਵਿਚੋਂ ਵੀ 24 ਹਜ਼ਾਰ ਤੱਕ ਦੀ ਰਕਮ ਕਢਵਾਉਣ ’ਤੇ ਬੈਂਕ ਤੋਂ ਆਗਿਆ ਲੈਣੀ ਪੈਂਦੀ ਸੀ। ਕਪਿਲ ਸਿੱਬਲ ਨੇ ਇਸ ਸਟਿੰਗ ਆਪਰੇਸ਼ਨ ਦੇ ਆਧਾਰ ’ਤੇ ਕੁਝ ਸਵਾਲ ਚੁੱਕੇ ਜਿਵੇਂ ਕਿ

ਇਹ ਪੈਸਾ ਕਿੱਥੋਂ ਆਇਆ ਕਿਉਂਕਿ ਬੈਂਕ ਇੰਨੀ ਵੱਡੀ ਰਕਮ ਨਹੀਂ ਦੇ ਸਕਦੇ ਸਨ?

ਇੰਨਾ ਪੈਸਾ ਕੌਣ ਲੈ ਕੇ ਆਇਆ?

ਇਸ ਸਭ ਵਿਚ ਕੌਣ-ਕੌਣ ਸ਼ਾਮਿਲ ਸਨ?

ਕੀ ਇਸ ਵਿਚ ਆਰਬੀਆਈ ਦੇ ਅਧਿਕਾਰੀ ਅਤੇ ਸਿਆਸਤਦਾਨ ਵੀ ਸ਼ਾਮਿਲ ਸਨ?

ਇਹ ਸਾਰੇ ਕਿੱਸੇ ਦਾ ਸ਼੍ਰੀ ਕਮਲਮ ਨਾਲ ਕੀ ਲੈਣਾ-ਦੇਣਾ ਹੈ?

ਕਪਿੱਲ ਸਿੱਬਲ ਨੇ ਦੱਸਿਆ ਕਿ ਮੁੰਬਈ ਵਿਚ ਰਾਹੁਲ ਰਤਰੇਗਰ ਨਾਂਅ ਦੇ ਵਿਅਕਤੀ ਨੇ ਇਹ ਕਬੂਲ ਕੀਤਾ ਸੀ ਕਿ ਨੋਟ ਬਦਲਣ ਦੇ ਅਜਿਹੇ 26 ਸੈਂਟਰ ਹਨ ਜਿੰਨ੍ਹਾਂ ਵਿਚੋਂ 22 ਸੈਂਟਰ ਆਦਮੀ ਚਲਾਉਂਦੇ ਹਨ ਤੇ 4 ਔਰਤਾਂ। ਉਸ ਨੇ ਕਿਹਾ ਕਿ ਉਹ ਕੈਬਨਿਟ ਸਕੱਤਰੇਤ ਵਿਚ ਕਿਸੇ ਨਿਪੁੰਨ ਨਾਂਅ ਦੇ ਸ਼ਖ਼ਸ ਨੂੰ ਰਿਪੋਰਟ ਕਰਦਾ ਹੈ ਜੋ ਕਿ ਅੱਗੇ ਖ਼ਬਰ ਦਿੰਦਾ ਹੈ। ਸਿੱਬਲ ਨੇ ਇਹ ਵੀ ਦਾਅਵਾ ਕੀਤਾ ਕਿ ਨੋਟਾਂ ਦੀ ਬਦਲੀ ਸਰਕਾਰੀ ਦਫ਼ਤਰਾਂ ਅਤੇ ਗੋਦਾਮਾਂ ਵਿਚ ਵੀ ਹੁੰਦੀ ਰਹੀ ਹੈ।

ਜ਼ਿਕਰਯੋਗ ਹੈ ਕਿ ਇਹ ਖ਼ੁਲਾਸਾ ਪਹਿਲੀ ਵਾਰ ਨਹੀਂ ਹੋਇਆ ਹੈ। 26 ਮਾਰਚ ਨੂੰ ਵਿਰੋਧੀ ਧਿਰਾਂ ਦੇ ਲੀਡਰਾਂ ਨੇ ਇਕੱਠੇ ਹੋ ਕੇ ਦਿੱਲੀ ਵਿਚ ਇਹ ਸਟਿੰਗ ਆਪਰੇਸ਼ਨ ਦਾ ਖ਼ੁਲਾਸਾ ਕੀਤਾ ਸੀ ਪਰ ਸਿੱਬਲ ਨੇ ਕਿਹਾ ਕਿ ਉਸ ਖ਼ੁਲਾਸੇ ਨੂੰ ਮੀਡੀਆ ਵਿਚ ਨਹੀਂ ਦਿਖਾਇਆ ਗਿਆ ਸੀ। ਦੇਖਿਆ ਜਾਵੇ ਤਾਂ ਨੋਟਬੰਦੀ ਫੇਲ੍ਹ ਹੋਈ ਹੈ ਅਤੇ ਗ਼ਰੀਬਾਂ ਇਸ ਵਿਚ ਨੁਕਸਾਨ ਹੀ ਹੋਇਆ ਹੈ। ਜੇ ਇਹ ਇਕ ਵੱਡਾ ਘਪਲਾ ਹੈ ਤਾਂ ਇਹ ਭਾਰਤ ਦੇ ਲੋਕਾਂ ਵਾਸਤੇ ਸੱਚ ਜਾਨਣਾ ਬਹੁਤ ਜ਼ਰੂਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement