
ਵਾਰਾਣਸੀ ਦੇ ਕਚਨਾਰ ਪਿੰਡ ‘ਚ 14 ਜੁਲਾਈ 2018 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਕ ਰੈਲੀ ਲਈ ਤਕਰੀਬਨ 10 ਏਕੜ ਜ਼ਮੀਨ ਦੀ ਵਰਤੋਂ ਕੀਤੀ ਗਈ ਸੀ।
ਵਾਰਾਣਸੀ: ਉਤਰ ਪ੍ਰਦੇਸ਼ ਵਿਚ ਵਾਰਾਣਸੀ ਦੇ ਕਚਨਾਰ ਪਿੰਡ ‘ਚ 14 ਜੁਲਾਈ 2018 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਕ ਰੈਲੀ ਲਈ ਤਕਰੀਬਨ 10 ਏਕੜ ਜ਼ਮੀਨ ਦੀ ਵਰਤੋਂ ਕੀਤੀ ਗਈ ਸੀ। ਇਸ ਜ਼ਮੀਨ ਦੀ ਫਸਲ ਬਰਬਾਦ ਹੋਣ ਕਰਕੇ ਪ੍ਰਸ਼ਾਸਨ ਨੇ ਸਥਾਨਕ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਸੀ। ਇਸ ਪਿੰਡ ਵਿਚ ਪੀਐਮ ਮੋਦੀ ਨੇ ਜਨ ਸਭਾ ਨੂੰ ਸੰਬੋਧਨ ਕੀਤਾ ਸੀ। ਜਨ ਸਭਾ ਸਥਾਨ ਤੋਂ ਪੀਐਮ ਮੋਦੀ ਨੇ 499.29 ਕਰੋੜ ਰੁਪਏ ਦੀ ਲਾਗਤ ਦੇ 20 ਪ੍ਰੋਜੈਕਟਾਂ ਨੂੰ ਲਾਂਚ ਕੀਤਾ ਅਤੇ 487.66 ਕਰੋੜ ਦੀ ਲਾਗਤ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਸੀ।
ਮੋਦੀ ਦੀ ਇਸ ਰੈਲੀ ਲਈ ਕਿਸਾਨਾਂ ਦੀ ਲਗਭਗ 10 ਏਕੜ ਜ਼ਮੀਨ ਦੀ ਵਰਤੋਂ ਕੀਤੀ ਗਈ ਸੀ। ਇਸ ਰੈਲੀ ਵਿਚ ਵਿਸ਼ੇਸ਼ ਤੌਰ ‘ਤੇ ਇਕ ਸਟੇਜ ਤਿਆਰ ਕੀਤਾ ਗਿਆਸੀ। ਇਸ ਰੈਲੀ ਵਿਚ ਹਜ਼ਾਰਾਂ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਅਤੇ ਤਿੰਨ ਹੈਲੀਪੈਡ ਬਣਾਏ ਗਏ ਸਨ। ਇਸ ਰੈਲੀ ਲਈ ਅਲਗ-ਅਲਗ ਪਾਰਕਿੰਗ ਖੇਤਰ ਵੀ ਬਣਾਏ ਗਏ ਸਨ। ਇਸ ਰੈਲੀ ਵਿਚ ਕਚਨਾਰ ਪਿੰਡ ਦੇ ਕਰੀਬ ਸੱਤ ਕਿਸਾਨਾਂ ਦੀ ਜ਼ਮੀਨ ਵਰਤੀ ਗਈ ਪਰ ਉਹਨਾਂ ਕਿਸਾਨਾਂ ਨੂੰ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ।
ਇਕ 65 ਸਾਲ ਦੇ ਕਿਸਾਨ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਸਬਜ਼ੀਆਂ ਦੀ ਫਸਲ ਪੱਕ ਕੇ ਤਿਆਰ ਹੋ ਗਈ ਸੀ ਪਰ ਅਧਿਕਾਰੀਆਂ ਨੇ ਉਹਨਾਂ ਦੀ ਫਸਲ ਤਬਾਹ ਕਰ ਦਿੱਤੀ। ਅਧਿਕਾਰੀਆਂ ਨੇ ਉਹਨਾਂ ਨੂੰ ਮੁਆਵਜ਼ਾ ਦੇਣ ਬਾਰੇ ਕਿਹਾ ਸੀ ਪਰ ਹੁਣ ਤੱਕ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਦੀ ਰੈਲੀ ਲਈ ਉਹਨਾਂ ਦੀਆਂ ਜ਼ਮੀਨਾਂ ਲਈਆਂ ਗਈਆਂ ਸਨ ਪਰ ਰੈਲੀ ਤੋਂ ਬਾਅਦ ਖੇਤਾਂ ਦੀ ਹਾਲਤ ਬਹੁਤ ਬੁਰੀ ਹੋ ਗਈ ਸੀ। ਉਹਨਾਂ ਕਿਹਾ ਕਿ ਦੁਬਾਰਾ ਖੇਤ ਬੀਜਣ ਲਈ ਵੀ ਜ਼ਿਆਦਾ ਖਰਚਾ ਹੋਇਆ ਪਰ ਫਸਲ ਪਹਿਲਾਂ ਵਰਗੀ ਨਹੀਂ ਹੋ ਸਕੀ।
ਕਰੀਬ 60 ਸਾਲ ਦੀ ਚਮੇਲੀ ਦੇਵੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਖੇਤੀਬਾੜੀ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ, ਉਹ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਦਿਨ ਭਰ ਖੇਤੀ ਕਰਦੇ ਰਹਿੰਦੇ ਹਨ। ਦਿਨਭਰ ਖੇਤੀ ਕਰਨ ਤੋਂ ਬਾਅਦ ਉਹ ਦੋ ਵਕਤ ਦੀ ਰੋਟੀ ਖਾਂਦੇ ਹਨ ਪਰ ਮੋਦੀ ਦੀ ਰੈਲੀ ਨੇ ਉਹਨਾਂ ਦੀ ਫਸਲ ਬਰਬਾਦ ਕਰ ਦਿੱਤੀ ਅਤੇ ਉਹਨਾਂ ‘ਤੇ ਕਰਜ਼ਾ ਹੋ ਗਿਆ। ਹੁਣ ਤੱਕ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸੇ ਤਰ੍ਹਾਂ 50 ਸਾਲਾਂ ਦੇ ਖਟਾਈ ਲਾਲ ਦਾ ਕਹਿਣਾ ਹੈ ਕਿ ਉਹਨਾਂ ਦਾ ਪੂਰਾ ਪਰਿਵਾਰ ਖੇਤੀਬਾੜੀ ‘ਤੇ ਨਿਰਭਰ ਹੈ।
ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਿੰਡ ਨਰੇਂਦਰ ਮੋਦੀ ਦੀ ਰੈਲੀ ਹੈ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਪਰ ਜਦੋਂ ਉਹਨਾਂ ਨੂੰ ਰੈਲੀ ਜ਼ਮੀਨ ਦੇਣ ਲਈ ਕਿਹਾ ਗਿਆ ਤਾਂ ਇਸਦੇ ਨਾਲ ਹੀ ਉਹਨਾਂ ਦੀ ਖੁਸ਼ੀ ਖਤਮ ਹੋ ਗਈ। ਉਹਨਾਂ ਦਾ ਕਹਿਣਾ ਹੈ ਕਿ ਸੀਜ਼ਨ ਦੀ ਪਹਿਲੀ ਫਸਲ ਹੋਣ ਹੀ ਵਾਲੀ ਸੀ ਕਿ ਸਰਕਾਰ ਨੇ ਕਰੀਬ 50 ਹਜ਼ਾਰ ਫਸਲ ਤਬਾਹ ਕਰਵਾ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਮੁਆਵਜ਼ਾ ਨਾ ਮਿਲਣ ਕਾਰਨ ਉਹ ਕਰਜ਼ਾ ਲੈਣ ਲਈ ਮਜਬੂਰ ਹੋ ਗਏ ਅਤੇ ਉਹਨਾਂ ਦੇ ਲੜਕੇ ਸੁਨੀਲ ਨੂੰ ਆਪਣੀ ਗ੍ਰੈਜੂਏਸ਼ਨ ਦੀ ਪੜਾਈ ਛੱਡਣੀ ਪਈ। ਹੁਣ ਉਹਨਾਂ ਦਾ ਛੋਟਾ ਲੜਕਾ ਪੜ੍ਹਾਈ ਛੱਡ ਕੇ ਮਠਿਆਈ ਦੀ ਦੁਕਾਨ ‘ਤੇ ਕੰਮ ਕਰਦਾ ਹੈ।
ਰੈਲੀ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਮੁਆਵਜ਼ੇ ਲਈ ਐਸਡੀਐਮ ਦੇ ਦਫਤਰ ਵਿਚ ਕਈ ਚੱਕਰ ਲਗਾਏ ਹਨ ਪਰ ਹੁਣ ਉਹਨਾਂ ਨੇ ਮੁਆਵਜ਼ੇ ਦੀ ਉਮੀਦ ਹੀ ਛੱਡ ਦਿੱਤੀ ਹੈ। ਪਿੰਡ ਦੇ ਕਿਸਾਨਾਂ ਦੇ ਮੁਆਵਜ਼ੇ ਬਾਰੇ ਜਦੋਂ ਪਿੰਡ ਦੇ ਸਰਪੰਚ ਵਿਜੈ ਪਟੇਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਰੂਪ ਵਿਚ ਕਿਹਾ ਗਿਆ ਅਤੇ ਕਈ ਵਾਰ ਐਸਡੀਐਮ ਦਫਤਰ ਦੇ ਚੱਕਰ ਵੀ ਲਗਾਏ ਗਏ । ਕਿਸਾਨਾਂ ਵੱਲੋ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਪਰ ਕੋਈ ਸੁਣਵਾਈ ਨਹੀਂ ਹੋਈ।
ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਪਰ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੁਣ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਕੋਈ ਕਾਰਵਾਈ ਨਹੀਂ ਹੋਵੇਗੀ। ਜਦੋਂ ਇਸ ਸਬੰਧੀ ਰਾਜਾਤਲਾਬ ਦੇ ਐਸਡੀਐਮ ਜੈ ਪ੍ਰਕਾਸ਼ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਹ ਇੱਥੇ ਆਏ ਹਨ ਅਤੇ ਇਸ ਮਾਮਲੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਮੋਦੀ ਦੀ ਰੈਲੀ ਸਮੇਂ ਅੰਜਨੀ ਕੁਮਾਰ ਸਿੰਘ ਰਾਜਾਤਲਾਬ ਦੇ ਐਸਡੀਐਮ ਸਨ, ਹੁਣ ਇਕ ਮਹੀਨੇ ਪਹਿਲਾਂ ਹੀ ਇਥੋਂ ਦੇ ਐਸਡੀਐਮ ਦੀ ਬਦਲੀ ਕਰ ਦਿੱਤੀ ਗਈ ਸੀ, ਇਥੋਂ ਦੇ ਨਵੇਂ ਐਸਡੀਐਮ ਜੈ ਪ੍ਰਕਾਸ਼ ਹਨ।