
ਐਨਡੀਏ ਦੀ ਭਾਈਵਾਲ ਸ਼ਿਵ ਸੈਨਾ ਵੀ ਸ਼ਾਮਲ ਨਾ ਹੋਈ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਨਾਲ ਹੀ ਵਿਧਾਨ ਸਭਾ ਚੋਣਾਂ ਕਰਾਏ ਜਾਣ, ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਏ ਜਾਣ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਲਈ ਪ੍ਰਧਾਨ ਮੰਤਰੀ ਦੁਆਰਾ ਬੁਲਾਈ ਗਈ ਸਰਬ-ਪਾਰਟੀ ਬੈਠਕ ਵਿਚ ਕਾਂਗਰਸ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਨੇ ਹਿੱਸਾ ਨਹੀਂ ਲਿਆ। ਮੁੱਖ ਤੌਰ 'ਤੇ 'ਇਕ ਦੇਸ਼, ਇਕ ਚੋਣ' ਮਸਲੇ 'ਤੇ ਹੋਈ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਬੈਠਕ ਮਗਰੋਂ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 'ਇਕ ਦੇਸ਼, ਇਕ ਚੋਣ' ਦੇ ਮੁੱਦੇ 'ਤੇ ਵਿਚਾਰ ਲਈ ਪ੍ਰਧਾਨ ਮੰਤਰੀ ਕਮੇਟੀ ਬਣਾਉਣਗੇ ਜਿਹੜੀ ਤੈਅ ਸਮੇਂ ਵਿਚ ਅਪਣੀ ਰੀਪੋਰਟ ਦੇਵੇਗੀ।
Modi meet on 'one nation, one election'
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੈਠਕ ਵਿਚ ਕਿਹਾ ਕਿ 'ਇਕ ਰਾਸ਼ਟਰ, ਇਕ ਦੇਸ਼' ਦੇ ਮੁੱਦੇ 'ਤੇ ਕਮੇਟੀ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਸੰਸਦ ਵਿਚ ਪ੍ਰਤੀਨਿਧਤਾ ਰੱਖਣ ਵਾਲੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਬੈਠਕ ਵਿਚ ਬੁਲਾਇਆ ਗਿਆ ਸੀ। ਦੁਪਹਿਰ ਬਾਅਦ ਸ਼ੁਰੂ ਹੋਈ ਬੈਠਕ ਵਿਚ ਐਨਡੀਏ ਦੀ ਭਾਈਵਾਲ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਪਾਰਟੀ ਦਾ ਸਥਾਪਨਾ ਦਿਵਸ ਹੋਣ ਕਾਰਨ ਸ਼ਾਮਲ ਨਹੀਂ ਹੋ ਸਕੇ। ਬੈਠਕ ਵਿਚ ਮੋਦੀ ਤੋਂ ਇਲਾਵਾ ਅਮਿਤ ਸ਼ਾਹ, ਰਖਿਆ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਨਿਤੀਸ਼ ਕੁਮਾਰ, ਆਰਪੀਆਈ ਦੇ ਮੁਖੀ ਰਾਮਦਾਸ ਅਠਾਵਲੇ ਅਤੇ ਅਪਣਾ ਦਲ ਦੇ ਮੁਖੀ ਆਸ਼ੀਸ਼ ਪਟੇਲ ਵੀ ਸ਼ਾਮਲ ਹੋਏ।
Asaduddin Owaisi
ਗ਼ੈਰ-ਐਨਡੀਏ ਪਾਰਟੀਆਂ ਵਿਚ ਬੀਜੇਡੀ ਦੇ ਮੁਖੀ ਨਵੀਨ ਪਟਨਾਇਕ, ਏਆਈਐਮ ਦੇ ਮੁਖੀ ਅਸਦਊਦੀਨ ਓਵੈਸੀ, ਪੀਪੀਪੀ ਮੁਖੀ ਮਹਿਬੂਬਾ ਮੁਫ਼ਤੀ, ਨੈਸ਼ਨਲ ਕਾਨਫ਼ਰੰਸ ਮੁਖੀ ਫ਼ਾਰੂਕ ਅਬਦੁੱਲਾ, ਸੀਪੀਐਮ ਆਗੂ ਸੀਤਾਰਾਮ ਯੇਚੁਰੀ, ਸੀਪੀਆਈ ਆਗੂ ਐਸ ਸੁਧਾਕਰ ਰੈਡੀ, ਵਾਈਐਸਆਰ ਕਾਂਗਰਸ ਦੇ ਮੁਖੀ ਜਗਨ ਮੋਹਨ ਰੈਡੀ ਅਤੇ ਰਾਕਾਂਪਾ ਮੁਖੀ ਸ਼ਰਦ ਪਵਾਰ ਵੀ ਸ਼ਾਮਲ ਹੋਏ। (ਏਜੰਸੀ)
Sitaram Yechury
ਪਿਛਲੇ ਦਰਵਾਜ਼ਿਉਂ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਕੋਸ਼ਿਸ਼ : ਸੀਪੀਐਮ
'ਇਕ ਦੇਸ਼, ਇਕ ਚੋਣ' ਦੇ ਕੇਂਦਰ ਸਰਕਾਰ ਦੇ ਵਿਚਾਰ ਨੂੰ ਅਸੰਵਿਧਾਨਕ ਅਤੇ ਸੰਘੀ ਵਿਵਸਥਾ ਵਿਰੁਧ ਦਸਦਿਆਂ ਸੀਪੀਐਮ ਨੇ ਦੋਸ਼ ਲਾਇਆ ਕਿ ਇਹ ਦੇਸ਼ ਵਿਚ ਸੰਸਦੀ ਪ੍ਰਣਾਲੀ ਦੀ ਥਾਂ ਪਿਛਲੇ ਦਰਵਾਜ਼ੇ ਤੋਂ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬੁਲਾਈ ਗਈ ਬੈਠਕ ਵਿਚ ਹਿੱਸਾ ਲੈਣ ਮਗਰੋਂ ਪਾਰਟੀ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ, 'ਇਹ ਵਿਚਾਰ ਗ਼ੈਰ-ਸੰਵਿਧਾਨਕ ਹੈ। ਪਹਿਲਾਂ ਵੀ ਇਕੱਠੀਆਂ ਚੋਣਾਂ ਹੋਈਆਂ ਸਨ ਪਰ ਧਾਰਾ 356 ਦੀ ਦੁਰਵਰਤੋਂ ਹੋਈ। ਜਦ ਤਕ ਧਾਰਾ 356 ਰਹੇਗੀ ਤਦ ਤਕ ਇਕੱਠੀਆਂ ਚੋਣਾਂ ਨਹੀਂ ਹੋ ਸਕਦੀਆਂ। ਯੇਚੁਰੀ ਮੁਤਾਬਕ ਬੈਠਕ ਵਿਚ ਸ਼ਰਦ ਪਵਾਰ ਅਤੇ ਸੀਪੀਆਈ ਸਮੇਤ ਕਈ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਚਾਲੂ ਵਿਵਸਥਾ ਵਿਚ ਨਾਲੋ-ਨਾਲ ਚੋਣਾਂ ਸੰਭਵ ਨਹੀਂ। ਸੰਵਿਧਾਨ ਦੀ ਧਾਰਾ 356 ਤਹਿਤ ਕੇਂਦਰ ਕੁੱਝ ਐਮਰਜੈਂਸੀ ਹਾਲਤਾਂ ਵਿਚ ਰਾਜ ਦੀ ਚੁਣੀ ਹੋਈ ਸਰਕਾਰ ਨੂੰ ਬਰਖ਼ਾਸਤ ਕਰ ਕੇ ਰਾਸ਼ਟਰਪਤੀ ਸ਼ਾਸਨ ਲਾ ਸਕਦਾ ਹੈ।
Gaurav Gogoi
ਸੰਸਦ ਵਿਚ ਚਰਚਾ ਕਰਾਏ ਸਰਕਾਰ : ਕਾਂਗਰਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 'ਇਕ ਦੇਸ਼, ਇਕ ਚੋਣ' ਅਤੇ ਕੁੱਝ ਹੋਰ ਮੁੱਦਿਆਂ 'ਤੇ ਬੁਲਾਈ ਗਈ ਬੈਠਕ ਵਿਚ ਕਾਂਗਰਸ ਸ਼ਾਮਲ ਨਹੀਂ ਹੋਈ ਅਤੇ ਉਸ ਨੇ ਕਿਹਾ ਕਿ ਜੇ ਸਰਕਾਰ ਚੋਣ ਸੁਧਾਰਾਂ ਬਾਰੇ ਕੋਈ ਕਦਮ ਚੁਕਣਾ ਚਾਹੁੰਦੀ ਹੈ ਤਾਂ ਉਹ ਸੰਸਦ ਵਿਚ ਇਸ ਵਿਸ਼ੇ 'ਤੇ ਚਰਚਾ ਕਰਾਏ। ਪਾਰਟੀ ਸੰਸਦ ਮੈਂਬਰ ਗੌਰਵ ਗੋਗਈ ਨੇ ਭਾਜਪਾ 'ਤੇ ਦੋਗਲੀ ਨੀਤੀ ਅਪਣਾਉਣ ਦਾ ਦੋਸ਼ ਲਾਉਂਦਿਆਂ ਇਹ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਬੈਠਕ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ ਪਰ ਉਹ ਅਫ਼ਸੋਸ ਪ੍ਰਗਟ ਕਰਦਿਆਂ ਸ਼ਾਮਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਚੋਣ ਕਵਾਇਦ ਵਿਚ ਸੁਧਾਰ ਹੋਵੇ ਅਤੇ ਉਹ ਮੰਗ ਕਰਦੇ ਹਨ ਕਿ ਬੈਲੇਟ ਪੇਪਰਾਂ ਨਾਲ ਚੋਣਾਂ ਕਰਾਈਆਂ ਜਾਣ। ਪਰ ਸਮੱਸਿਆ ਇਹ ਹੈ ਕਿ ਪ੍ਰਧਾਨ ਮੰਤਰੀ ਵਿਰੋਧੀ ਧਿਰ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹਨ।