
ਪੁਲਿਸ ਦੇ ਹੱਕ 'ਚ ਨਿਤਰੀ ਸਰਕਾਰ, ਕਿਹਾ, ਪੁਲਿਸ ਨੇ ਸਹੀ ਤਰੀਕੇ ਨਾਲ ਕੀਤੀ ਮਾਮਲੇ ਦੀ ਜਾਂਚ
ਮੁੰਬਈ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿਤੀ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਦੀ ਉੱਧਵ ਠਾਕਰੇ ਸਰਕਾਰ 'ਤੇ ਚੌਤਰਫਾ ਹਮਲੇ ਸ਼ੁਰੂ ਹੋ ਗਏ ਹਨ। ਵਿਰੋਧੀ ਧਿਰ ਦੇ ਆਗੂਆਂ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਵਿਚ ਸ਼ਿਵਸੈਨਾ ਦੀ ਭਾਈਵਾਲ ਪਾਰਟੀ ਕਾਂਗਰਸ ਦੇ ਆਗੂ ਸੰਜੈ ਨਿਰੁਪਮ ਵੀ ਸੂਬਾ ਸਰਕਾਰ ਦੇ ਰਵੱਈਏ 'ਤੇ ਸਵਾਲ ਖੜ੍ਹੇ ਕਰਦੇ ਦਿਖੇ ਹਨ।
Sushant Singh Rajput
ਸੰਜੈ ਨਿਰੁਪਮ ਨੇ ਅਪਣੇ ਟਵੀਟ ਵਿਚ ਲਿਖਿਆ, ''ਮੁੰਬਈ ਪੁਲਿਸ ਇਸ ਨੂੰ ਅਪਣੀ ਇੱਜ਼ਤ ਦਾ ਸਵਾਲ ਨਾ ਬਣਾਵੇ, ਸੁਪਰੀਮ ਕੋਰਟ ਦੇ ਆਦੇਸ਼ ਦਾ ਪਾਲਣ ਕਰੇ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪ ਦੇਵੇ। ਮੁੰਬਈ ਪੁਲਿਸ ਦੀ ਸਮਰੱਥਾ 'ਤੇ ਕਿਸੇ ਨੂੰ ਸ਼ੱਕ ਨਹੀਂ ਹੈ, ਪਰ ਇਸ ਮਾਮਲੇ ਦੀ ਜਾਂਚ ਵਿਚ ਢਿਲਮੱਠ ਵਰਤੀ ਜਾ ਰਹੀ ਸੀ, ਇਹ ਦਿਸ ਵੀ ਰਿਹਾ ਸੀ, ਕਾਰਨ ਸਰਕਾਰ ਜਾਣੇ।''
Sanjay Nirupam
ਕਾਬਲੇਗੌਰ ਹੈ ਕਿ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੇ ਦਾਅਵੇ ਨੂੰ ਖਾਰਿਜ ਕਰ ਦਿਤਾ ਅਤੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮੁੰਬਈ ਪੁਲਿਸ ਸਾਰੇ ਸਬੂਤ ਸੀਬੀਆਈ ਨੂੰ ਅਗਲੇਰੀ ਜਾਂਚ ਲਈ ਸੌਂਪ ਦੇਵੇ। ਸੁਸ਼ਾਂਤ ਕੇਸ ਦੀ ਜਾਂਚ ਲਈ ਸੀਬੀਆਈ ਦੁਆਰਾ ਬਣਾਈ ਗਈ ਐਸਆਈਟੀ ਟੀਮ ਹੁਣ ਛੇਤੀ ਹੀ ਮੁੰਬਈ ਪੁਲਿਸ ਦੇ ਨੋਡਲ ਅਧਿਕਾਰੀ (ਡੀਸੀਪੀ ਕਰਾਇਮ ਬ੍ਰਾਂਚ ਅਫ਼ੀਸਰ) ਨੂੰ ਮਿਲੇਗੀ ਅਤੇ ਇਸ ਕੇਸ ਨਾਲ ਜੁੜੀ ਸਾਰੀ ਜਾਣਕਾਰੀ ਜਿਵੇਂ ਦਸਤਾਵੇਜ਼, ਸਟੇਟਮੈਂਟਸ, ਫਾਰੇਂਸਿਕ ਰਿਪੋਰਟ, ਪੋਸਟਮਾਰਟਮ ਰਿਪੋਰਟ, ਮੋਬਾਇਲ ਫਾਰੈਂਸਿਕ ਰਿਪੋਰਟ, ਬੈਂਕ ਐਕਾਊਂਟਸ ਫਾਰੈਂਸਿਕ ਆਡਿਟ ਰਿਪੋਰਟ ਲੈ ਲਵੇਂਗੀ।
Sushant Singh Rajput
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਬਿਹਾਰ ਪੁਲਿਸ ਨੂੰ ਐਫਆਈਆਰ ਦਰਜ ਕਰਨ ਦਾ ਅਧਿਕਾਰ ਸੀ। ਪਟਨਾ ਵਿਚ ਦਰਜ ਹੋਈ ਐਫਆਈਆਰ ਠੀਕ ਸੀ। ਮੁੰਬਈ ਪੁਲਿਸ ਨੇ ਸੁਸ਼ਾਂਤ ਦੀ ਮੌਤ ਨੂੰ ਲੈ ਕੇ ਦੁਰਘਟਨਾ ਦੇ ਪਹਿਲੂਆਂ ਦੀ ਜਾਂਚ ਕੀਤੀ ਜਦੋਂ ਕਿ ਬਿਹਾਰ ਪੁਲਿਸ ਨੇ ਸਾਰੇ ਪਹਿਲੂਆਂ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਸੀ। ਬਿਹਾਰ ਸਰਕਾਰ ਨੂੰ ਸੀਬੀਆਈ ਜਾਂਚ ਦੀ ਸਿਫਾਰਿਸ਼ ਕਰਨ ਦਾ ਅਧਿਕਾਰ ਸੀ।
Sanjay Raut
ਇਸੇ ਦੌਰਾਨ ਉਧਵ ਠਾਕਰੇ ਸਰਕਾਰ ਮੁੰਬਈ ਪੁਲਿਸ ਦੇ ਹੱਕ 'ਚ ਖੜ੍ਹੀ ਹੋ ਗਈ ਹੈ। ਸੁਸ਼ਾਂਤ ਸਿੰਘ ਰਾਜਪੂਤ ਕੇਸ ਸੀਬੀਆਈ ਨੂੰ ਸੌਂਪੇ ਜਾਣ ਤੋਂ ਬਾਅਦ ਸ਼ਿਵ ਸ਼ੈਨਾ ਦੇ ਸੰਸਦ ਮੈਂਬਰ ਤੇ ਬੁਲਾਰੇ ਸੰਜੇ ਰਾਓਤ ਨੇ ਕਿਹਾ ਮੁੰਬਈ ਪੁਲਿਸ ਨੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਹੈ। ਸੰਜੇ ਰਾਓਤ ਨੇ ਕਿਹਾ ਮਹਾਰਾਸ਼ਟਰ ਉਹ ਸੂਬਾ ਹੈ ਜਿੱਥੇ ਹਮੇਸ਼ਾਂ ਕਾਨੂੰਨ ਦੀ ਵਿਵਸਥਾ ਹੈ ਜਿੱਥੇ ਸੱਚ ਤੇ ਨਿਆਂ ਦੀ ਜਿੱਤ ਹੋਈ ਹੈ। ਕਿੰਨੀ ਵੀ ਛੋਟੀ ਜਾਂ ਵੱਡੀ ਗ਼ਲਤੀ ਹੋਵੇ ਕਾਨੂੰਨ ਤੋਂ ਵੱਡਾ ਕੋਈ ਵੀ ਨਹੀਂ ਹੁੰਦਾ। ਇਹ ਮਹਾਰਾਸ਼ਟਰ ਸਰਕਾਰ ਦੀ ਰਵਾਇਤ ਹੈ। ਸੁਪਰੀਮ ਕੋਰਟ ਨੇ ਇਹ ਫ਼ੈਸਲਾ ਲਿਆ ਹੈ ਤਾਂ ਸਿਆਸੀ ਗੱਲ ਕਰਨਾ ਠੀਕ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।