
ਮੋਦੀ ਨੇ ਪੈਰਿਸ ਜਾ ਕੇ 126 ਜਹਾਜ਼ਾਂ ਦੇ ਸੌਦੇ ਨੂੰ 36 ਜਹਾਜ਼ਾਂ ਦਾ ਸੌਦਾ ਬਣਾ ਦਿਤਾ : ਐਂਟਨੀ
ਨਵੀਂ ਦਿੱਲੀ, 18 ਸਤੰਬਰ : ਕਾਂਗਰਸ ਨੇ ਰਾਫ਼ੇਲ ਜਹਾਜ਼ ਸੌਦੇ ਵਿਚ 'ਪ੍ਰਕ੍ਰਿਆ ਦੀ ਉਲੰਘਣਾ' ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਨਿਸ਼ਾਨਾ ਬਣਾਇਆ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਰਖਿਆ ਮੰਤਰੀ ਏ ਕੇ ਐਂਟਨੀ ਨੇ ਸਵਾਲ ਕੀਤਾ ਕਿ ਆਖ਼ਰ ਸਾਂਝੀ ਸੰਸਦੀ ਕਮੇਟੀ ਤੋਂ ਬਚ ਕੇ ਸਰਕਾਰ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ?
ਐਂਟਨੀ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਡ ਦੀ ਨਿਰਮਾਣ ਸਮਰੱਥਾ 'ਤੇ ਸਵਾਲ ਚੁੱਕਣ ਸਬੰਧੀ ਸੀਤਾਰਮਣ ਦੇ ਕਥਿਤ ਬਿਆਨ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਉਹ ਇਸ ਤਰ੍ਹਾਂ ਦੇ ਬਿਆਨ ਨਾਲ ਜਨਤਕ ਖੇਤਰ ਦੇ ਅਦਾਰੇ ਦਾ ਅਕਸ ਖ਼ਰਾਬ ਕਰਨ ਦਾ ਯਤਨ ਕਰ ਰਹੀ ਹੈ। ਐਂਟਨੀ ਨੇ ਕਿਹਾ, 'ਇਹ ਸਰਕਾਰ ਕਹਿ ਰਹੀ ਹੈ ਕਿ ਉਸ ਦਾ ਸੌਦਾ ਸਸਤਾ ਹੈ। ਜੇ ਅਜਿਹਾ ਹੈ ਤਾਂ ਉਨ੍ਹਾਂ ਸਿਰਫ਼ 36 ਜਹਾਜ਼ ਕਿਉਂ ਖ਼ਰੀਦੇ ਹਨ ਜਦਕਿ ਹਵਾਈ ਫ਼ੌਜ ਦੀ ਮੌਜੂਦਾ ਲੋੜ 126 ਜਹਾਜ਼ਾਂ ਦੀ ਹੈ?
ਉਨ੍ਹਾਂ ਦੋਸ਼ ਲਾਇਆ ਕਿ ਜਹਾਜ਼ਾਂ ਅਤੇ ਹਥਿਆਰਾਂ ਦੀ ਲੋੜ ਦਾ ਫ਼ੈਸਲਾ ਰਖਿਆ ਮੰਤਰੀ ਦੀ ਪ੍ਰਧਾਨਗੀ ਵਾਲੀ ਰਖਿਆ ਖ਼ਰੀਦ ਪਰਿਸ਼ਦ ਕਰਦੀ ਹੈ ਪਰ ਪ੍ਰਧਾਨ ਮੰਤਰੀ ਮੋਦੀ ਨੇ ਪੈਰਿਸ ਜਾ ਕੇ 126 ਜਹਾਜ਼ਾਂ ਦੇ ਸੌਦੇ ਨੂੰ 36 ਜਹਾਜ਼ਾਂ ਦੇ ਸੌਦੇ ਵਿਚ ਤਬਦੀਲ ਕਰ ਦਿਤਾ। ਪ੍ਰਧਾਨ ਮੰਤਰੀ ਨੇ ਰਖਿਆ ਖ਼ਰੀਦ ਕਵਾਇਦ ਦੀ ਸਪੱਸ਼ਟ ਤੌਰ 'ਤੇ ਉਲੰਘਣਾ ਕੀਤੀ। ਐਂਟਨੀ ਨੇ ਕਿਹਾ, 'ਰਖਿਆ ਮੰਤਰੀ ਕਹਿ ਰਹੀ ਹੈ ਕਿ ਐਚਏਐਲ ਦੀ ਨਿਰਮਾਣ ਸਮਰੱਥਾ ਏਨੀ ਨਹੀਂ ਕਿ ਉਹ ਇਕੱਲਾ ਹੀ 36 ਰਾਫ਼ੇ ਜਹਾਜ਼ ਬਣਾ ਸਕੇ। ਇਸ ਤਰ੍ਹਾਂ ਦੇ ਬਿਆਨ ਸਰਕਾਰੀ ਅਦਾਰੇ ਦਾ ਅਕਸ ਖ਼ਰਾਬ ਕਰ ਰਹੇ ਹਨ।'
ਐਂਟਨੀ ਨੇ ਕਿਹਾ ਕਿ ਉਸ ਵਕਤ ਲਾਈਫ਼ ਸਾਈਕਲ ਲਾਗਤ 'ਤੇ ਵਿੱਤ ਮੰਤਰਾਲੇ ਦੇ ਕੁੱਝ ਸਵਾਲ ਸਨ ਅਤੇ ਭਾਜਪਾ ਦੇ ਸੀਨੀਅਰ ਆਗੂ ਸਮੇਤ ਕਈ ਆਗੂਆਂ ਨੇ ਵੀ ਇਸ 'ਤੇ ਇਤਰਾਜ਼ ਪ੍ਰਗਟ ਕੀਤਾ ਸੀ ਜਿਸ ਕਾਰਨ ਸੌਦੇ ਵਿਚ ਅੜਿੱਕਾ ਪਿਆ। ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਨੇ 2000 ਵਿਚ 126 ਜਹਾਜ਼ਾਂ ਦੀ ਲੋੜ ਦੱਸੀ ਪਰ ਹੁਣ ਏਨੇ ਜਹਾਜ਼ ਸ਼ਾਇਦ 2030 ਤਕ ਹੀ ਮਿਲ ਸਕਣਗੇ ਕਿਉਂਕਿ ਇਸ ਸਰਕਾਰ ਨੇ ਰਾਫ਼ੇ ਦੇ 126 ਜਹਾਜ਼ਾਂ ਦੇ ਸੌਦੇ ਨੂੰ 36 ਜਹਾਜ਼ਾਂ ਦਾ ਸੌਦਾ ਬਣਾ ਦਿਤਾ।