ਵਿਸ਼ਵ ਨੰਬਰ ਇਕ ਰਾਫ਼ੇਲ ਨਡਾਲ ਸਾਲ ਦੇ ਚੌਥੇ ਗ੍ਰੈਂਡ ਸਲੈਮ ਅਮਰੀਕੀ ਓਪਨ ਦੇ ਸੈਮੀਫ਼ਾਈਨਲ 'ਚ ਪਹੁੰਚ ਗਏ ਹਨ.............
ਨਿਊਯਾਰਕ : ਵਿਸ਼ਵ ਨੰਬਰ ਇਕ ਰਾਫ਼ੇਲ ਨਡਾਲ ਸਾਲ ਦੇ ਚੌਥੇ ਗ੍ਰੈਂਡ ਸਲੈਮ ਅਮਰੀਕੀ ਓਪਨ ਦੇ ਸੈਮੀਫ਼ਾਈਨਲ 'ਚ ਪਹੁੰਚ ਗਏ ਹਨ। 'ਮੈਰਾਥਨ' ਕੁਆਟਰ ਫ਼ਾਈਨਲ 'ਚ ਉਨ੍ਹਾਂ ਨੇ ਆਸਟ੍ਰੀਆ ਦੇ ਡੋਮਿਨਿਕ ਥਿਏਮ ਨੂੰ ਹਰਾਇਆ। ਚਾਰ ਘੰਟੇ 49 ਮਿੰਟ ਤਕ ਚੱਲੇ ਮੈਚ 'ਚ ਸਪੇਨ ਦੇ ਦਿੱਗਜ ਨਡਾਲ ਨੇ ਥਿਏਮ ਦੀ ਚੁਣੌਤੀ ਪਾਰ ਕੀਤੀ। ਮੌਜੂਦਾ ਜੇਤੂ ਨਡਾਲ ਨੇ ਪੰਜ ਸੈੱਟਾਂ ਤਕ ਚੱਲੇ ਇਸ ਮੁਕਾਬਲੇ 'ਚ ਥਿਏਮ ਨੂੰ 0-6, 6-4, 7-5, 6-7 (4-7), 7-6, (7-5) ਨਾਲ ਹਰਾ ਕੇ ਆਖ਼ਰੀ ਚਾਰ 'ਚ ਜਗ੍ਹਾ ਪੱਕੀ ਕੀਤੀ।
ਅਪਣੀ ਜਿੱਤ ਤੋਂ ਬਾਅਦ ਨਡਾਲ ਨੇ ਕਿਹਾ ਕਿ ਮੈਂ ਡੋਮਿਨਿਕ ਤੋਂ ਮਾਫ਼ੀ ਮੰਗੀ ਅਤੇ ਕਿਹਾ ਕਿ ਉਹ ਅੱਗੇ ਵਧਦਾ ਰਹੇ। ਉਸ ਕੋਲ ਮੈਚ ਜਿੱਤਣ ਲਈ ਕਾਫ਼ੀ ਸਮਾਂ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਕੋਲ ਭਵਿੱਖ 'ਚ ਬਹੁਤ ਮੌਕੇ ਹੋਣਗੇ। ਅਪਣੇ ਕੈਰੀਅਰ 'ਚ 17 ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੇ ਨਡਾਲ ਦਾ ਸਾਹਮਣਾ ਹੁਣ ਸੈਮੀਫ਼ਾਈਨਲ ਮੈਚ 'ਚ ਅਰਜਟੀਨਾ ਦੇ ਖਿਡਾਰੀ ਜੁਆਨ ਮਾਰਟਿਨ ਡੇਲ ਪੋਟ੍ਰੋ ਨਾਲ 8 ਸਤੰਬਰ ਨੂੰ ਹੋਵੇਗਾ। (ਏਜੰਸੀ)