
ਨਿਹੰਗ ਸਿੰਘ ਦੀ ਭਾਜਪਾ ਆਗੂਆਂ ਨਾਲ ਤਸਵੀਰ ਬਣੀ ਚਰਚਾ ਦਾ ਵਿਸ਼ਾ
ਨਵੀਂ ਦਿੱਲੀ - ਸਿੰਘੂ ਕਤਲ ਮਾਮਲੇ ਵਿਚ ਅੱਜ ਇਕ ਨਵਾਂ ਮੋੜ ਦੇਖਣ ਨੂੰ ਮਿਲਿਆ ਹੈ ਦਰਅਸਲ ਜਿਸ ਨਿਹੰਗ ਸਿੰਘ ਨੇ ਸਭ ਤੋਂ ਪਹਿਲਾਂ ਇਸ ਕਤਲ ਮਾਮਲੇ ਦੀ ਜ਼ਿੰਮੇਵਾਰੀ ਲਈ ਸੀ ਉਸ ਦੀ ਇਕ ਤਸਵੀਰ ਭਾਜਪਾ ਆਗੂਆਂ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਨਾਲ ਕਤਲ ਦਾ ਦੋਸ਼ੀ ਬਰਖ਼ਾਸਤ ਪੁਲਿਸ ਕਰਮੀ ਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਇਕ ਮਿਲਣੀ ਮੌਕੇ ਹਾਜ਼ਰ ਸੀ ਜਦ ਇਹ ਫੋਟੋ ਖਿੱਚੀ ਗਈ।
Nihang Aman Singh With BJP Leaders
ਸੂਤਰਾਂ ਮੁਤਾਬਕ ਬਾਬਾ ਅਮਨ ਕੇਂਦਰ ਸਰਕਾਰ ਨਾਲ ਕਿਸਾਨਾਂ ਦੇ ਚੱਲ ਰਹੇ ਟਕਰਾਅ ਨੂੰ ਹੱਲ ਕਰਨ ਲਈ ‘ਪਰਦੇ ਦੇ ਪਿੱਛੇ ਤੋਂ ਭੂਮਿਕਾ ਨਿਭਾਉਣ ਵਾਲਿਆਂ’ ਵਿਚ ਸ਼ਾਮਲ ਸੀ। ਸੂਤਰਾਂ ਮੁਤਾਬਕ ਇਹ ਮਿਲਣੀ ਜੁਲਾਈ ਦੇ ਅਖ਼ੀਰ ਵਿਚ ਹੋਈ ਸੀ। ਇਕ ਹੋਰ ਫੋਟੋ ਹੈ ਜਿਸ ਵਿਚ ਬਾਬਾ ਅਮਨ ਸਿੰਘ ਤੇ ਪਿੰਕੀ, ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਦਿੱਲੀ ਸਥਿਤ ਬੰਗਲੇ ’ਚ ਮੰਤਰੀ ਨਾਲ ਲੰਚ ਉੱਤੇ ਮੁਲਾਕਾਤ ਕਰ ਰਹੇ ਹਨ।
ਇਸ ਮੌਕੇ ਸੁਨੀਲ ਕੁਮਾਰ ਸਿੰਘ (ਝਾਰਖੰਡ ਤੋਂ ਸੰਸਦ ਮੈਂਬਰ), ਰਾਜਸਥਾਨ ਤੋਂ ਸੌਰਭ ਸਰਸਵਤ (ਕੌਮੀ ਜਨਰਲ ਸਕੱਤਰ, ਭਾਰਤ-ਤਿੱਬਤ ਸੰਘ), ਸੁਖਮਿੰਦਰਪਾਲ ਸਿੰਘ ਗਰੇਵਾਲ (ਕੌਮੀ ਕਿਸਾਨ ਆਗੂ ਭਾਜਪਾ ਤੇ ਸਾਬਕਾ ਕੌਮੀ ਸਕੱਤਰ-ਭਾਜਪਾ ਕਿਸਾਨ ਮੋਰਚਾ) ਵੀ ਹਾਜ਼ਰ ਸਨ।