
ਕੌਮੀ ਕਾਰਜਕਾਰਨੀ ਮੀਟਿੰਗ ਦੌਰਾਨ ਘੱਟ ਗਿਣਤੀਆਂ ਤੱਕ ਪਹੁੰਚ ਕਰਨ ਦੀ ਬਣਾਈ ਯੋਜਨਾ
ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵੱਲੋਂ ਦੇਸ਼ ਦੇ ਘੱਟ ਗਿਣਤੀ ਭਾਈਚਾਰਿਆਂ ਨਾਲ ਤਾਲਮੇਲ ਵਧਾਉਣ ਲਈ ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਸਮੇਤ ਹੋਰ ਘੱਟ ਗਿਣਤੀ ਭਾਈਚਾਰਿਆਂ ਤੱਕ ਪਹੁੰਚ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਯੋਜਨਾਬੱਧ ਕਦਮ ਤੋਂ ਜਾਣੂ ਇਕ ਸੀਨੀਅਰ ਆਰਐਸਐਸ ਕਾਰਜਕਾਰੀ ਨੇ ਕਿਹਾ, “ਸੰਗਠਨ ਨੇ ਆਪਣੇ ਸਾਰੇ 45 ‘ਪ੍ਰਾਂਤਾ’ ਤੋਂ ਇਲਾਵਾ ਸਾਰੇ 11 ਹੋਰ ਜ਼ੋਨਾਂ ਵਿਚ ਚਾਰ ਤੋਂ ਪੰਜ ਸੀਨੀਅਰ ਅਤੇ ਤਜਰਬੇਕਾਰ ਕਾਰਜਕਰਤਾਵਾਂ ਦੀ ਇਕ ਟੀਮ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਖਾਸ ਤੌਰ 'ਤੇ ਇਹਨਾਂ ਘੱਟ ਗਿਣਤੀ ਭਾਈਚਾਰਿਆਂ ਦੇ ਉਹਨਾਂ ਮੈਂਬਰਾਂ ਦੀ ਨਿਸ਼ਾਨਦੇਹੀ ਸ਼ੁਰੂ ਕੀਤੀ ਹੈ ਜੋ ਮਜ਼ਬੂਤ ਹਨ”।
ਵਿਚਾਰ-ਵਟਾਂਦਰੇ ਦੌਰਾਨ ਘੱਟ ਗਿਣਤੀ ਭਾਈਚਾਰਿਆਂ ਦੇ ਉਹਨਾਂ ਮੈਂਬਰਾਂ ਨੂੰ ਸਮਰਥਨ ਦੇਣ ਵਰਗੇ ਕਦਮਾਂ 'ਤੇ ਜ਼ੋਰ ਦਿੱਤਾ ਗਿਆ ਹੈ ਜੋ ਰਾਸ਼ਟਰਵਾਦ ਦੇ ਹੱਕ ਵਿਚ ਬੋਲਦੇ ਜਾਂ ਲਿਖਦੇ ਹਨ। ਸਿੱਖ ਭਾਈਚਾਰੇ ਦੇ ਮੈਂਬਰਾਂ ਵਿਚ ਪਹੁੰਚ ਵਧਾਉਣ ਲਈ ਉਹਨਾਂ ਖੇਤਰਾਂ ਵਿਚ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਧਾਰਮਿਕ ਅਤੇ ਭਾਈਚਾਰਕ ਆਗੂਆਂ ਨਾਲ ਸੰਪਰਕ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਜਿੱਥੇ ਆਰਐਸਐਸ ਦੀਆਂ "ਸ਼ਾਖਾਵਾਂ" ਚੱਲ ਰਹੀਆਂ ਹਨ। ਆਰਐਸਐਸ ਦੇ ਸਮਾਜਿਕ ਸਦਭਾਵਨਾ ਸਮਾਗਮਾਂ ਵਿਚ ਸਿੱਖ ਭਾਈਚਾਰੇ ਅਤੇ ਧਾਰਮਿਕ ਆਗੂਆਂ ਨੂੰ ਸੱਦਾ ਦੇਣਾ ਅਤੇ ਸੰਗਠਨ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸਬੰਧਤ ਸੰਸਥਾਵਾਂ ਵਿਚ ਸਿੱਖਾਂ ਦੀ ਭੂਮਿਕਾ ਨੂੰ ਵਧਾਉਣ ਦਾ ਵੀ ਸੁਝਾਅ ਦਿੱਤਾ ਗਿਆ ਹੈ।
ਆਰਐਸਐਸ ਆਗੂਆਂ ਨੇ ਸਿੱਖ ਪ੍ਰਚਾਰਕਾਂ ਨਾਲ ਸੰਪਰਕ ਕਰਨ, ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਿੱਖਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਵਾਲੇ ਸੈਮੀਨਾਰ ਅਤੇ ਕਾਨਫਰੰਸ ਦੀ ਮੇਜ਼ਬਾਨੀ ਕਰਨ ਅਤੇ ਸਿੱਖ ਭਾਈਚਾਰੇ ਦੀਆਂ ਔਰਤਾਂ ਨੂੰ ਸ਼ਾਮਲ ਕਰਨ ਦੀ ਵੀ ਅਪੀਲ ਕੀਤੀ ਹੈ। ਆਰਐਸਐਸ ਹੁਣ ਆਪਣੀ ਸਾਲਾਨਾ ਕਾਰਜ ਯੋਜਨਾ ਵਿਚ ਸਿੱਖ ਤਿਉਹਾਰ ਮਨਾਉਣ ਨੂੰ ਵੀ ਸ਼ਾਮਲ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਸਾਲ ਭਰ ਸੰਪਰਕ ਕਾਇਮ ਰੱਖਿਆ ਜਾ ਸਕੇ।
ਪ੍ਰਯਾਗਰਾਜ ਦੇ ਗੌਹਨੀਆ ਵਿਖੇ ਵਾਤਸਲਿਆ ਇੰਸਟੀਚਿਊਟ ਕੈਂਪਸ ਵਿਚ ਚੱਲ ਰਹੀ ਆਰਐਸਐਸ ਦੀ ਚਾਰ ਰੋਜ਼ਾ ਕੌਮੀ ਕਾਰਜਕਾਰਨੀ ਮੀਟਿੰਗ ਦੇ ਤੀਜੇ ਦਿਨ ਇਸ ਬਾਰੇ ਚਰਚਾ ਕੀਤੀ ਗਈ। ਸੰਘ ਦੇ ਮੁਖੀ ਮੋਹਨ ਭਾਗਵਤ ਅਤੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਾਬਲੇ ਸਮੇਤ ਸੰਘ ਦੇ ਹੋਰ ਉੱਚ ਅਧਿਕਾਰੀਆਂ ਤੋਂ ਇਲਾਵਾ ਸੰਗਠਨ ਦੇ ਸਾਰੇ 45 "ਪ੍ਰਾਂਤਾਂ" ਦੇ ਅਹੁਦੇਦਾਰ ਇਸ ਮੀਟਿੰਗ ਵਿਚ ਸ਼ਾਮਲ ਹੋਏ। ਸੰਗਠਨ ਦੇ ਨੇਤਾਵਾਂ ਨੇ ਮੁਸਲਿਮ ਅਤੇ ਈਸਾਈ ਭਾਈਚਾਰਿਆਂ ਬਾਰੇ ਆਰਐਸਐਸ ਦੇ ਵਲੰਟੀਅਰਾਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਆਰਐਸਐਸ ਨੇ ਫੈਸਲਾ ਕੀਤਾ ਹੈ ਕਿ ਜਿੱਥੇ ਮੁਸਲਮਾਨਾਂ ਅਤੇ ਈਸਾਈਆਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਗ਼ੈਰ-ਸਰਕਾਰੀ ਸੰਸਥਾਵਾਂ ਦੀ ਮਦਦ ਨਾਲ ਭਾਸ਼ਾ, ਸੱਭਿਆਚਾਰ ਅਤੇ ਸਿਹਤ ਦੇ ਵਿਸ਼ਿਆਂ 'ਤੇ ਕੰਮ ਕੀਤਾ ਜਾਵੇਗਾ। ਆਰਐਸਐਸ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਇਹਨਾਂ ਭਾਈਚਾਰਿਆਂ ਵਿਚ ਸੰਗਠਨ ਦੇ ਪ੍ਰਭਾਵ ਨੂੰ ਹੁਲਾਰਾ ਦੇਣ ਲਈ ਪੜ੍ਹੇ-ਲਿਖੇ ਮੁਸਲਮਾਨਾਂ ਨਾਲ ਸੰਪਰਕ ਵਧਾਇਆ ਜਾਵੇਗਾ, ਜੋ ਕੱਟੜਪੰਥੀ ਤੱਤਾਂ ਦੇ ਪ੍ਰਭਾਵ ਵਿਚ ਨਹੀਂ ਹਨ। ਇਹਨਾਂ ਲੋਕਾਂ ਨਾਲ ਲਗਾਤਾਰ ਸੰਪਰਕ ਵਿਚ ਰਹਿਣ ਦੀ ਕੋਸ਼ਿਸ਼ ਕੀਤੀ ਜਾਵੇਗੀ।