
ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਭਾਜਪਾ ਆਗੂਆਂ ਵਲੋਂ ਪਾਰਟੀ ਤੋਂ ਕਿਨਾਰਾਕਸ਼ੀ!
ਕੋਟਕਪੂਰਾ, 20 ਜਨਵਰੀ (ਗੁਰਿੰਦਰ ਸਿੰਘ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾ ਦੇ ਵਿਰੋਧ ’ਚ ਹੁਣ ਭਾਜਪਾ ਆਗੂਆਂ ਤੇ ਵਰਕਰਾਂ ਦੀ ਵੀ ਜ਼ਮੀਰ ਜਾਗਦੀ ਜਾ ਰਹੀ ਹੈ, ਕਿਉਂਕਿ ਜ਼ਿਲ੍ਹਾ ਫ਼ਰੀਦਕੋਟ ਦੇ ਭਾਜਪਾ ਨਾਲ ਸਬੰਧਤ ਕਈ ਅਹੁਦੇਦਾਰਾਂ ਨੇ ਪੰਜਾਬ ਵਿਚ ਹੋ ਰਹੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾਕਸ਼ੀ ਕਰਦਿਆਂ ਅਰਥਾਤ ਬਾਗ਼ੀ ਰੁੱਖ ਅਪਣਾਉਂਦਿਆਂ ਉਕਤ ਕਾਨੂੰਨਾਂ ਵਿਰੁਧ ਚੱਲ ਰਹੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਤਨ-ਮਨ-ਧਨ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਤ ਹਨ।
farmer protestਬਗਾਵਤ ਕਰਨ ਵਾਲਿਆਂ ਵਿਚ ਭਾਜਪਾ ਦਾ ਉਹ ਆਗੂ ਵੀ ਸ਼ਾਮਲ ਹੈ, ਜਿਸ ਨੂੰ ਭਾਜਪਾ ਨੇ ਕੇਂਦਰੀ ਸੈਂਸਰ ਫ਼ਿਲਮ ਬੋਰਡ ਦਾ ਮੈਂਬਰ ਬਣਾਇਆ ਹੈ। ਸਾਂਝੇ ਤੌਰ ’ਤੇ ਅਪਣੇ ਦਸਤਖ਼ਤਾਂ ਵਾਲੇ ਜਾਰੀ ਕੀਤੇ ਪੱਤਰ ਵਿਚ ਭਾਜਪਾ ਓਬੀਸੀ ਵਿੰਗ ਦੇ ਸੂਬਾਈ ਪੈੱ੍ਰਸ ਸਕੱਤਰ ਜਸਵਿੰਦਰ ਭਲੂਰੀਆ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਪੰਜਗਰਾਈਂ ਮੰਡਲ ਦੇ ਪ੍ਰਧਾਨ ਬਲਦੇਵ ਸਿੰਘ, ਐਸ.ਸੀ. ਮੋਰਚਾ ਪੰਜਗਰਾਈਂ ਦੇ ਮੰਡਲ ਪ੍ਰਧਾਨ ਕੇਵਲ ਸਿੰਘ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗਿੱਲ, ਅੰਗਰੇਜ਼ ਕੌਰ ਔਲਖ, ਛਿੰਦਰਪਾਲ ਕੌਰ, ਛਿੰਦਰ ਸਿੰਘ ਔਲਖ, ਜਸਪਾਲ ਸਿੰਘ ਪੰਜਗਰਾਈਂ ਮੈਂਬਰ ਫ਼ਿਲਮ ਸੈਂਸਰ ਬੋਰਡ ਨਵੀਂ ਦਿੱਲੀ, ਹਾਕਮ ਸਿੰਘ ਮੌੜ ਜ਼ਿਲ੍ਹਾ ਮੀਤ ਪ੍ਰਧਾਨ ਆਦਿ ਨੇ ਇਹ ਦੋਸ਼ ਵੀ ਲਾਇਆ ਕਿ ਉਹ ਪਿਛਲੇ ਦਿਨੀਂ ਹੋਈ ਪਾਰਟੀ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਸਨ ਹੋਏ ਪਰ ਫਿਰ ਵੀ ਮੀਡੀਏ ਵਿਚ ਉਨ੍ਹਾਂ ਦੇ ਨਾਮ ਸ਼ਾਮਲ ਕਰ ਦਿਤੇ ਗਏ।
Pm Modi ਉਨ੍ਹਾਂ ਭਾਜਪਾ ਦੇ ਸਥਾਨਕ ਆਗੂਆਂ ਨਾਲ ਨਰਾਜ਼ਗੀ ਦਾ ਵੀ ਪ੍ਰਗਟਾਵਾ ਕੀਤਾ। ਦੂਜੇ ਪਾਸੇ ਭਾਜਪਾ ਦੀ ਸੂਬਾਈ ਸਕੱਤਰ ਮੈਡਮ ਸੁਨੀਤਾ ਗਰਗ ਨੇ ਉਕਤ ਮਾਮਲੇ ਤੋਂ ਅਗਿਆਨਤਾ ਪ੍ਰਗਟਾਉਂਦਿਆਂ ਆਖਿਆ ਕਿ ਉਹ ਇਸ ਬਾਰੇ ਪੂਰੀ ਜਾਣਕਾਰੀ ਜੁਟਾਉਣ ਮਗਰੋਂ ਹੀ ਕੁਝ ਕਹਿਣਗੇ। ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਕਿਸਾਨੀ ਅੰਦੋਲਨ ਕਾਰਨ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰ ਕੇ ਹੁਣ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਵੀ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦੀ ਮਜਬੂਰੀ ਬਣ ਗਈ ਹੈ।