
ਇਹ ਅਧਿਐਨ ਸੰਯੁਕਤ ਰੂਪ ਨਾਲ ‘ਕ੍ਰਾਏ’ (ਚਾਈਲਡ ਰਾਈਟਸ ਐਂਡ ਯੂ) ਅਤੇ ਪਟਨਾ ਸਥਿਤ ਚਾਣਕਿਆ ਨੈਸ਼ਨਲ ਲਾਅ ਯੂਨੀਵਰਸਿਟੀ (ਸੀਐਨਐਨਯੂ) ਵਲੋਂ ਕੀਤਾ ਗਿਆ।
ਨਵੀਂ ਦਿੱਲੀ : ਮਾਪਿਆਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਨੂੰ ਫਸਾਉਣ ਲਈ ਆਨਲਾਈਨ ਮੰਚਾਂ ’ਤੇ ਅਜਨਬੀਆਂ ਵਲੋਂ ਜਾਲ ਵਿਛਾਇਆ ਜਾ ਰਿਹਾ ਹੈ। ਇਕ ਨਵੇਂ ਅਧਿਐਨ ਵਿਚ ਹਿੱਸਾ ਲੈਣ ਵਾਲੇ 424 ਮਾਪਿਆਂ ’ਚੋਂ ਲਗਭਗ 33 ਫ਼ੀ ਸਦੀ ਨੇ ਕਿਹਾ ਕਿ ਆਨਲਾਈਨ ਮੰਚ ’ਤੇ ਉਨ੍ਹਾਂ ਦੇ ਬੱਚਿਆਂ ਨਾਲ ਅਜਨਬੀਆਂ ਨੇ ਦੋਸਤੀ ਕਰਨ, ਨਿਜੀ ਅਤੇ ਪ੍ਰਵਾਰਕ ਜਾਣਕਾਰੀ ਮੰਗਣ ਅਤੇ ਯੌਨ ਸਬੰਧੀ ਸਲਾਹ ਦੇਣ ਲਈ ਸੰਪਰਕ ਕੀਤਾ। ਇਹ ਅਧਿਐਨ ਸੰਯੁਕਤ ਰੂਪ ਨਾਲ ‘ਕ੍ਰਾਏ’ (ਚਾਈਲਡ ਰਾਈਟਸ ਐਂਡ ਯੂ) ਅਤੇ ਪਟਨਾ ਸਥਿਤ ਚਾਣਕਿਆ ਨੈਸ਼ਨਲ ਲਾਅ ਯੂਨੀਵਰਸਿਟੀ (ਸੀਐਨਐਨਯੂ) ਵਲੋਂ ਕੀਤਾ ਗਿਆ।
ਮਹਾਰਾਸ਼ਟਰ, ਕਰਨਾਟਕ, ਪਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਦੇ 424 ਮਾਪਿਆਂ ਤੋਂ ਇਲਾਵਾ ਇਨ੍ਹਾਂ ਚਾਰ ਰਾਜਾਂ ਦੇ 384 ਅਧਿਆਪਕਾਂ ਅਤੇ ਤਿੰਨ ਰਾਜਾਂ ਪਛਮੀ ਬੰਗਾਲ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ 107 ਹੋਰ ਹਿਤਧਾਰਕਾਂ ਨੇ ਹਿੱਸਾ ਲਿਆ। ਮਾਪਿਆਂ ਅਨੁਸਾਰ, ਆਨਲਾਈਨ ਰਵਈਆ ਦਾ ਸ਼ਿਕਾਰ ਬਣੇ ਬੱਚਿਆਂ ’ਚੋਂ 14-18 ਸਾਲ ਦੀ ਉਮਰ ਦੀਆਂ 40 ਫ਼ੀ ਸਦੀ ਕੁੜੀਆਂ ਸਨ, ਜਦੋਂ ਕਿ ਇਸੇ ਉਮਰ ਵਰਗ ਦੇ 33 ਫ਼ੀ ਸਦੀ ਮੁੰਡੇ ਸਨ। ਅਧਿਐਨ ’ਚ ਸ਼ਹਿਰੀ ਖੇਤਰ ਦੇ ਮੁਕਾਬਲੇ ਪੇਂਡੂ ਖੇਤਰਾਂ ਵਿਚ ਮਾਪਿਆਂ ਨੇ ਉਨ੍ਹਾਂ ਦੇ ਬੱਚਿਆਂ ਦੇ ਆਨਲਾਈਨ ਬਾਲ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ (ਓ.ਸੀ.ਐਸ.ਈ.ਏ.) ਦਾ ਅਨੁਭਵ ਕਰਨ ਦੀ ਗੱਲ ਵੱਧ ਸਾਂਝੀ ਕੀਤੀ।
ਅਧਿਐਨ ’ਚ ਹਿੱਸਾ ਲੈਣ ਵਾਲੇ 33.2 ਫ਼ੀ ਸਦੀ ਮਾਪਿਆਂ ਨੇ ਕਿਹਾ ਕਿ ਆਨਲਾਈਨ ਮੰਚਾਂ ’ਤੇ ਉਨ੍ਹਾਂ ਦੇ ਬੱਚਿਆਂ ਨਾਲ ਅਜਨਬੀਆਂ ਨੇ ਦੋਸਤੀ ਕਰਨ, ਨਿਜੀ ਅਤੇ ਪ੍ਰਵਾਰਕ ਜਾਣਕਾਰੀ ਮੰਗਣ ਤੋਂ ਲੈ ਕੇ ਯੌਨ ਸਬੰਧੀ ਸਲਾਹ ਦੇਣ ਲਈ ਸੰਪਰਕ ਕੀਤਾ। ਮਾਪਿਆਂ ਨੇ ਦਸਿਆ ਕਿ ਬੱਚਿਆਂ ਨਾਲ ਯੌਨ ਸਮੱਗਰੀ ਵੀ ਸਾਂਝੀ ਕੀਤੀ ਗਈ ਅਤੇ ਆਨਲਾਈਨ ਉਨ੍ਹਾਂ ਨਾਲ ਯੌਨ ਸਬੰਧੀ ਗੱਲਬਾਤ ਵੀ ਕੀਤੀ ਗਈ। ਇਹ ਪੁੱਛੇ ਜਾਣ ’ਤੇ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਨੂੰ ਓ.ਸੀ.ਐਸ.ਈ.ਏ. ਦਾ ਸਾਹਮਣਾ ਕਰਨਾ ਪਏ ਤਾਂ ਕੀ ਕਰਨਾ ਚਾਹੁਣਗੇ ਸਿਰਫ਼ 30 ਫ਼ੀ ਸਦੀ ਮਾਪਿਆਂ ਨੇ ਕਿਹਾ ਕਿ ਉਹ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਉਣਗੇ, ਜਦੋਂ ਕਿ ਚਿੰਤਾਜਨਕ ਰੂਪ ਨਾਲ 70 ਫ਼ੀ ਸਦੀ ਨੇ ਇਸ ਵਿਕਲਪ ਨੂੰ ਖਾਰਿਜ ਕਰ ਦਿਤਾ।’’
ਅਧਿਐਨ ਅਨੁਸਾਰ ਅਧਿਆਪਕਾਂ ਨੇ ਦੇਖਿਆ ਕਿ ਇਨ੍ਹਾਂ ਨੂੰ ਲੈ ਕੇ ਬੱਚੇ ਦੇ ਰਵਈਆ ’ਚ ਜੋ ਸੱਭ ਤੋਂ ਵੱਡੀ ਤਬਦੀਲੀ ਦਿਸੀ, ਉਹ ਸੀ ਉਨ੍ਹਾਂ ਦਾ ਕਿਸੇ ਕੰਮ ’ਚ ਧਿਆਨ ਨਾ ਹੋਣਾ ਅਤੇ ਬਿਨਾਂ ਕਿਸੇ ਉੱਚਿਤ ਕਾਰਨ ਸਕੂਲ ਨਾ ਆਉਣਾ। ਇਨ੍ਹਾਂ ਤਬਦੀਲੀਆਂ ਦਾ ਜ਼ਿਕਰ ਕਰਨ ਵਾਲਿਆਂ ਦੀ ਗਿਣਤੀ 26 ਫ਼ੀ ਸਦੀ ਸੀ, ਜਦੋਂ ਕਿ ਸਕੂਲ ਵਿਚ ਸਮਾਰਟਫੋਨ ਦਾ ਇਸਤੇਮਾਲ ਵੱਧ ਹੋਣ ਦੀ ਗੱਲ 20.9 ਫ਼ੀ ਸਦੀ ਪ੍ਰਤੀਭਾਗੀਆਂ ਨੇ ਕਹੀ। ‘ਕ੍ਰਾਏ’ ਦੀ ‘ਵਿਕਾਸ ਸਪੋਰਟ’ ਦੀ ਨਿਰਦੇਸ਼ਕ ਅਤੇ ਉੱਤਰੀ ਭਾਰਤ ਵਿਚ ਖੇਤਰੀ ਸੰਚਾਲਨ ਦੀ ਮੁਖੀ ਸੋਹਾ ਮੋਇਤਰਾ ਨੇ ਮੌਜੂਦਾ ਕਾਨੂੰਨੀ ਢਾਂਚੇ ਨੂੰ ਮੁੜ ਮੁਲਾਂਕਣ ਅਤੇ ਮਜਬੂਤ ਕਰਨ ਦੀ ਲੋੜ ’ਤੇ ਜ਼ੋਰ ਦਿਤਾ।