
ਔਰਤ ਨੇ ਪ੍ਰੇਮੀ ਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਗੁਹਾਟੀ - ਅਸਾਮ 'ਚ ਇੱਕ ਔਰਤ ਨੇ ਆਪਣੇ ਪ੍ਰੇਮੀ ਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਕਥਿਤ ਤੌਰ 'ਤੇ ਆਪਣੇ ਪਤੀ ਅਤੇ ਸੱਸ ਦਾ ਕਤਲ ਕਰ ਦਿੱਤਾ, ਲਾਸ਼ਾਂ ਦੇ ਟੁਕੜੇ-ਟੁਕੜੇ ਕਰ ਕੇ ਪਾਲੀਥੀਨ ਵਿੱਚ ਪੈਕ ਕਰਕੇ ਮੇਘਾਲਿਆ ਲੈ ਗਈ ਇੱਕ ਘਾਟੀ 'ਚ ਸੁੱਟ ਦਿੱਤਾ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਤਲ ਪਿਛਲੇ ਸਾਲ ਅਗਸਤ-ਸਤੰਬਰ ਵਿੱਚ ਹੋਏ ਸੀ ਅਤੇ ਐਤਵਾਰ ਨੂੰ ਮੇਘਾਲਿਆ ਤੋਂ ਔਰਤ ਦੀ ਸੱਸ ਦੀ ਲਾਸ਼ ਦੇ ਕੁਝ ਹਿੱਸੇ ਹੀ ਬਰਾਮਦ ਕੀਤੇ ਜਾ ਸਕੇ ਸਨ।
ਗੁਹਾਟੀ ਦੇ ਪੁਲਿਸ ਕਮਿਸ਼ਨਰ ਦਿਗੰਤ ਬਰਾਹ ਨੇ ਦੱਸਿਆ, "ਕਤਲ ਲਗਭਗ ਸੱਤ ਮਹੀਨੇ ਪਹਿਲਾਂ ਕੀਤੇ ਗਏ ਸਨ। ਅਸੀਂ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।"
ਉਨ੍ਹਾਂ ਨੇ ਇਸ ਬਾਰੇ ਵਿਸਥਾਰ 'ਚ ਜਾਣਕਾਰੀ ਨਹੀਂ ਦਿੱਤੀ।
ਇਸ ਸਬੰਧੀ ਸੰਪਰਕ ਕਰਨ 'ਤੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸੈਂਟਰਲ) ਦਿਗੰਤ ਕੁਮਾਰ ਚੌਧਰੀ ਨੇ ਕਿਹਾ ਕਿ ਪਤਨੀ ਨੇ ਸਤੰਬਰ ਮਹੀਨੇ ਵਿੱਚ ਆਪਣੇ ਪਤੀ ਅਤੇ ਸੱਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪਤੀ ਅਤੇ ਸੱਸ ਦੀ ਪਛਾਣ ਅਮਰੇਂਦਰ ਡੇਅ ਅਤੇ ਸ਼ੰਕਰੀ ਡੇਅ ਵਜੋਂ ਹੋਈ ਹੈ।
ਚੌਧਰੀ ਨੇ ਦੱਸਿਆ, "ਕੁਝ ਸਮੇਂ ਬਾਅਦ ਅਮਰੇਂਦਰ ਦੇ ਚਚੇਰੇ ਭਰਾ ਦੁਆਰਾ ਗੁੰਮਸ਼ੁਦਗੀ ਦੀ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ, ਜਿਸ ਨਾਲ ਪਤਨੀ 'ਤੇ ਸ਼ੱਕ ਪੈਦਾ ਹੋਇਆ।"
ਉਨ੍ਹਾਂ ਦੱਸਿਆ ਕਿ ਦੋਵੇਂ ਮਾਮਲੇ ਨੂਨਮਤੀ ਥਾਣੇ ਵਿੱਚ ਦਰਜ ਕੀਤੇ ਗਏ ਸਨ। ਦੋਵੇਂ ਕਤਲ ਗੁਹਾਟੀ ਦੇ ਚਾਂਦਮਾਰੀ ਅਤੇ ਨਾਰੇਂਗੀ ਇਲਾਕੇ 'ਚ ਦੋ ਵੱਖ-ਵੱਖ ਘਰਾਂ 'ਚ ਕੀਤੇ ਗਏ।
ਚੌਧਰੀ ਨੇ ਵੇਰਵੇ ਸਾਂਝੇ ਕੀਤੇ ਬਿਨਾਂ ਦਾਅਵਾ ਕੀਤਾ ਕਿ ਇਹ ਕਤਲ ਕਥਿਤ ਤੌਰ 'ਤੇ ਅਮਰਿੰਦਰ ਦੀ ਪਤਨੀ, ਉਸ ਦੇ ਪ੍ਰੇਮੀ ਅਤੇ ਇੱਕ ਹੋਰ ਵਿਅਕਤੀ ਦੁਆਰਾ ਕੀਤੇ ਗਏ ਸਨ। ਸ਼ੱਕ ਹੈ ਕਿ ਉਹ ਉਸ ਦਾ ਬਚਪਨ ਦਾ ਦੋਸਤ ਹੈ।
ਚੌਧਰੀ ਨੇ ਕਿਹਾ, "ਕਤਲ ਕਰਨ ਤੋਂ ਬਾਅਦ, ਉਹਨਾਂ ਨੇ ਲਾਸ਼ਾਂ ਦੇ ਛੋਟੇ-ਛੋਟੇ ਟੋਟੇ ਕੀਤੇ, ਅਤੇ ਬੋਰੀਆਂ ਵਿੱਚ ਪੈਕ ਕਰਕੇ ਮੇਘਾਲਿਆ ਲੈ ਗਏ। ਉੱਥੇ ਉਨ੍ਹਾਂ ਨੇ ਟੁਕੜਿਆਂ ਨੂੰ ਪਹਾੜੀਆਂ ਤੋਂ ਹੇਠਾਂ ਸੁੱਟ ਦਿੱਤਾ।"
ਡਿਪਟੀ ਕਮਿਸ਼ਨਰ (ਪੁਲਿਸ) ਨੇ ਕਿਹਾ, "ਅਸੀਂ ਲਾਸ਼ਾਂ ਦਾ ਪਤਾ ਲਗਾਇਆ ਅਤੇ ਕੱਲ੍ਹ ਮੇਘਾਲਿਆ ਤੋਂ ਕੁਝ ਹਿੱਸੇ ਬਰਾਮਦ ਕੀਤੇ। ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਦੇ ਸਾਰੇ ਅੰਗ ਲੱਭਣ ਲਈ ਸਾਡੀ ਕਾਰਵਾਈ ਜਾਰੀ ਹੈ।"