
ਕੀ ਮੈਂ ਤੁਹਾਡੇ ਧਰਮ ਬਾਰੇ ਕੁੱਝ ਕਿਹਾ, ਤੁਸੀਂ ਮੇਰੇ ਧਰਮ ਬਾਰੇ ਕਿਉਂ ਬੋਲ ਰਹੇ ਹੋ? : ਜਸਪ੍ਰੀਤ ਸਿੰਘ
Sandeshkhali: ਕੋਲਕਾਤਾ : ਪਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਨੂੰ ਅਸ਼ਾਂਤ ਸੰਦੇਸ਼ਖਾਲੀ ਜਾਣ ਤੋਂ ਰੋਕਣ ਲਈ ਧਮਖਾਲੀ ’ਚ ਤਾਇਨਾਤ ਇਕ ਸਿੱਖ ਆਈ.ਪੀ.ਐਸ ਅਧਿਕਾਰੀ ਨੂੰ ਭਾਜਪਾ ਵਰਕਰਾਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਖਾਲਿਸਤਾਨੀ ਕਹਿ ਦਿਤਾ, ਜਿਸ ਤੋਂ ਬਾਅਦ ਅਧਿਕਾਰੀ ਗੁੱਸੇ ’ਚ ਆ ਗਏ।
ਅਧਿਕਾਰੀ ਦੇ ਨਾਲ ਮੌਜੂਦ ਭਾਜਪਾ ਵਿਧਾਇਕ ਅਗਨੀਮਿੱਤਰਾ ਪਾਲ ਨੇ ਦਾਅਵਾ ਕੀਤਾ ਕਿ ਪੁਲਿਸ ਅਧਿਕਾਰੀ ਅਪਣੀ ਡਿਊਟੀ ਨਹੀਂ ਨਿਭਾ ਰਿਹਾ ਸੀ। ਉਨ੍ਹਾਂ ਨੇ ਭਾਜਪਾ ਸਮਰਥਕਾਂ ਵਲੋਂ ਉਸ ਨੂੰ ਖਾਲਿਸਤਾਨੀ ਕਹਿਣ ਦੇ ਦੋਸ਼ਾਂ ਨੂੰ ਵੀ ਖਾਰਜ ਕੀਤਾ ਹੈ। ਜਦਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਦੀ ਵੰਡਪਾਊ ਸਿਆਸਤ ਨੇ ਸੰਵਿਧਾਨਕ ਹੱਦਾਂ ਪਾਰ ਕਰ ਦਿਤੀਆਂ ਹਨ। ਮਮਤਾ ਬੈਨਰਜੀ ਨੇ ਸਿੱਖਾਂ ਦੀ ਇੱਜ਼ਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਅਤੇ ਸਾਡੇ ਦੇਸ਼ ਲਈ ਅਟੁੱਟ ਦ੍ਰਿੜਤਾ ਲਈ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ।
ਆਈ.ਪੀ.ਐਸ. ਅਧਿਕਾਰੀ ਜਸਪ੍ਰੀਤ ਸਿੰਘ ਅਪਣੀ ਟੀਮ ਨਾਲ ਧਮਖਾਲੀ ਵਿਖੇ ਤਾਇਨਾਤ ਸਨ ਅਤੇ ਉਨ੍ਹਾਂ ਨੇ ਸ਼ੁਭੇਂਦੂ ਅਧਿਕਾਰੀ ਨੂੰ ਕਾਲਿੰਦੀ ਨਦੀ ਦੇ ਪਾਰ ਸਥਿਤ ਸੰਦੇਸ਼ਖਾਲੀ ਜਾਣ ਤੋਂ ਰੋਕਣ ਲਈ ਬੈਰੀਕੇਡ ਲਗਾਏ ਸਨ। ਜਸਪ੍ਰੀਤ ਸਿੰਘ ਨੂੰ ਭਾਜਪਾ ਹਮਾਇਤੀਆਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਖਾਲਿਸਤਾਨੀ ਕਿਹਾ ਸੀ। ਆਈ.ਪੀ.ਐਸ. ਅਧਿਕਾਰੀ ਜਸਪ੍ਰੀਤ ਸਿੰਘ ਨੇ ਭਾਜਪਾ ਸਮਰਥਕਾਂ ਨੂੰ ਕਿਹਾ, ‘‘ਸਿਰਫ ਇਸ ਲਈ ਕਿ ਮੈਂ ਪੱਗ ਬੰਨ੍ਹੀ ਹੋਈ ਹਾਂ, ਤੁਸੀਂ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ, ਕੀ ਤੁਸੀਂ ਇਹੀ ਸਿੱਖਿਆ ਹੈ, ਜੇ ਕੋਈ ਪੁਲਿਸ ਅਧਿਕਾਰੀ ਦਸਤਾਰ ਪਹਿਨਦਾ ਹੈ ਅਤੇ ਅਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦਾ ਹੈ, ਤਾਂ ਉਹ ਤੁਹਾਡੇ ਲਈ ਖਾਲਿਸਤਾਨੀ ਬਣ ਜਾਂਦਾ ਹੈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’’
ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਿਰਫ ਅਪਣਾ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਮੈਂ ਸਿਰਫ ਅਪਣਾ ਕੰਮ ਕਰ ਰਿਹਾ ਹਾਂ। ਕੀ ਮੈਂ ਤੁਹਾਡੇ ਧਰਮ ਬਾਰੇ ਕੁੱਝ ਕਿਹਾ, ਤੁਸੀਂ ਮੇਰੇ ਧਰਮ ਬਾਰੇ ਕਿਉਂ ਬੋਲ ਰਹੇ ਹੋ?’’ ਦੂਜੇ ਪਾਸੇ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਵੀਡੀਉ ਕਲਿੱਪ ਸਾਂਝੀ ਕੀਤੀ ਅਤੇ ਕਿਹਾ, ‘‘ਅੱਜ ਭਾਜਪਾ ਦੀ ਵੰਡਪਾਊ ਸਿਆਸਤ ਬੇਸ਼ਰਮੀ ਨਾਲ ਸੰਵਿਧਾਨਕ ਹੱਦਾਂ ਪਾਰ ਕਰ ਗਈ ਹੈ।
ਭਾਜਪਾ ਮੁਤਾਬਕ ਪੱਗ ਬੰਨ੍ਹਣ ਵਾਲਾ ਹਰ ਕੋਈ ਖਾਲਿਸਤਾਨੀ ਹੈ। ਮੈਂ ਸਾਡੇ ਸਿੱਖ ਭਰਾਵਾਂ ਅਤੇ ਭੈਣਾਂ ਦੀ ਸਾਖ ਨੂੰ ਖਰਾਬ ਕਰਨ ਦੀ ਇਸ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦੀ ਹਾਂ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਸਾਡੇ ਦੇਸ਼ ਲਈ ਅਟੁੱਟ ਦ੍ਰਿੜਤਾ ਲਈ ਸਨਮਾਨਿਤ ਕੀਤਾ ਜਾਂਦਾ ਹੈ।’’ ਮੁੱਖ ਮੰਤਰੀ ਨੇ ਅੱਗੇ ਕਿਹਾ, ‘‘ਅਸੀਂ ਬੰਗਾਲ ਦੀ ਸਮਾਜਕ ਸਦਭਾਵਨਾ ਦੀ ਰਾਖੀ ਕਰਨ ਲਈ ਦ੍ਰਿੜ ਹਾਂ ਅਤੇ ਇਸ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁਧ ਸਖਤ ਕਾਨੂੰਨੀ ਕਦਮ ਚੁੱਕਾਂਗੇ।’’
ਹਾਲਾਂਕਿ, ਭਾਜਪਾ ਨੇ ਦੋਸ਼ਾਂ ਨੂੰ ਖਾਰਜ ਕਰ ਦਿਤਾ ਅਤੇ ਪੁਲਿਸ ਅਧਿਕਾਰੀ ’ਤੇ ਸੰਵਿਧਾਨ ਅਨੁਸਾਰ ਅਪਣੀ ਡਿਊਟੀ ਨਾ ਨਿਭਾਉਣ ਦਾ ਦੋਸ਼ ਲਾਇਆ।
ਪਾਲ ਨੇ ਕਿਹਾ, ‘‘ਕਿਸੇ ਨੇ ਵੀ ਉਸ ਨਾਲ ਬੁਰਾ ਸਲੂਕ ਨਹੀਂ ਕੀਤਾ ਅਤੇ ਨਾ ਹੀ ਖਾਲਿਸਤਾਨੀ ਸ਼ਬਦ ਦੀ ਵਰਤੋਂ ਕੀਤੀ। ਉਹ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਅਧਿਕਾਰੀ ਸੰਵਿਧਾਨ ਅਨੁਸਾਰ ਅਪਣੀ ਡਿਊਟੀ ਨਹੀਂ ਨਿਭਾ ਰਹੇ ਸਨ।’’ ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਨੇ ਦਸਿਆ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਖਾਲਿਸਤਾਨੀ ਟਿਪਣੀਆਂ ਦੇ ਵਿਰੋਧ ’ਚ ਕੋਲਕਾਤਾ ਦੇ ਮੁਰਲੀਧਰ ਲੇਨ ’ਚ ਭਾਜਪਾ ਦੇ ਸੂਬਾ ਹੈੱਡਕੁਆਰਟਰ ਦੀ ਘੇਰਾਬੰਦੀ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਸਨਸੋਲ ’ਚ ਇਕ ਹੋਰ ਵਿਰੋਧ ਪ੍ਰਦਰਸ਼ਨ ਦੀ ਵੀ ਯੋਜਨਾ ਬਣਾ ਰਹੇ ਹਨ।
ਇਸ ਤੋਂ ਪਹਿਲਾਂ ਪੁਲਿਸ ਨੇ ਮਨਾਹੀ ਦੇ ਹੁਕਮ ਲਾਗੂ ਕਰਨ ਅਤੇ ਸੂਬਾ ਸਰਕਾਰ ਵਲੋਂ ਸਿੰਗਲ ਬੈਂਚ ਦੇ ਸੋਮਵਾਰ ਦੇ ਹੁਕਮ ਵਿਰੁਧ ਡਿਵੀਜ਼ਨ ਬੈਂਚ ਕੋਲ ਪਹੁੰਚ ਕਰਨ ਦਾ ਹਵਾਲਾ ਦਿੰਦੇ ਹੋਏ ਸ਼ੁਭੇਂਦੂ ਅਧਿਕਾਰੀ ਨੂੰ ਸੰਦੇਸ਼ਖਾਲੀ ਜਾਣ ਤੋਂ ਰੋਕ ਦਿਤਾ ਸੀ। ਹਾਈ ਕੋਰਟ ਦੇ ਸਿੰਗਲ ਬੈਂਚ ਨੇ ਅਪਣੇ ਹੁਕਮ ’ਚ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੂੰ ਅਸ਼ਾਂਤ ਇਲਾਕੇ ਦਾ ਦੌਰਾ ਕਰਨ ਦੀ ਇਜਾਜ਼ਤ ਦੇ ਦਿਤੀ ਸੀ।
ਬਾਅਦ ਵਿਚ ਕਲਕੱਤਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਉਨ੍ਹਾਂ ਨੂੰ ਅਸ਼ਾਂਤ ਖੇਤਰ ਦਾ ਦੌਰਾ ਕਰਨ ਦੀ ਇਜਾਜ਼ਤ ਦਿਤੀ, ਜਿਸ ਤੋਂ ਬਾਅਦ ਉਹ ਸੰਦੇਸ਼ਖਾਲੀ ਪਹੁੰਚੇ। ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ਾਹਜਹਾਂ ਸ਼ੇਖ ਅਤੇ ਉਸ ਦੇ ਸਮਰਥਕਾਂ ’ਤੇ ਜ਼ਬਰਦਸਤੀ ਜ਼ਮੀਨ ’ਤੇ ਕਬਜ਼ਾ ਕਰਨ ਅਤੇ ਉਨ੍ਹਾਂ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਸਥਾਨਕ ਔਰਤਾਂ ਨੇ ਸੰਦੇਸ਼ਖਾਲੀ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ। ਸ਼ਾਹਜਹਾਂ 5 ਜਨਵਰੀ ਤੋਂ ਫਰਾਰ ਹੈ ਜਦੋਂ ਈ.ਡੀ. ਅਧਿਕਾਰੀਆਂ ਨੇ ਉਸ ਨਾਲ ਜੁੜੀ ਭੀੜ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਜਦੋਂ ਉਹ ਰਾਸ਼ਨ ਘਪਲੇ ਦੇ ਸਬੰਧ ’ਚ ਉਸ ਦੇ ਟਿਕਾਣਿਆਂ ਦੀ ਤਲਾਸ਼ੀ ਲੈਣ ਗਏ ਸਨ।