
ਮੋਦੀ 2014 ਵਿਚ ਆਏ ਸੀ ਗੰਗਾ ਦੇ ਲਾਲ ਬਣ ਕੇ ਪਰ ਹੁਣ ਜਾਣਗੇ ਰਾਫ਼ੇਲ ਦੇ ਦਲਾਲ ਬਣ ਕੇ।
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਉਤੇ ਜੱਮ ਕੇ ਨਿਸ਼ਾਨੇ ਸਾਧੇ। ਸਿੱਧੂ ਨੇ ਕਿਹਾ ਕਿ ਮੋਦੀ ਨੇ ਅਪਣੇ 5 ਸਾਲਾਂ ਕਾਰਜਕਾਲ ਦੌਰਾਨ 55 ਦੇਸ਼ਾਂ ਵਿਚ ਅੰਬਾਨੀ, ਅਡਾਣੀ ਦੇ ਨਾਲ ਜਾ ਕੇ 18 ਸਮਝੌਤੇ ਕਰਕੇ ਆਏ ਤੇ ਨਾਲ ਹੀ ਅੰਬਾਨੀ, ਅਡਾਣੀ ਦਾ ਖੁੱਲ੍ਹ ਕੇ ਵਿਕਾਸ ਕੀਤਾ ਹੈ। ਜਦਕਿ ਇਹ ਸਾਰੇ ਸਮਝੌਤੇ ਸਰਕਾਰੀ ਕੰਪਨੀਆਂ ਦੇ ਨਾਲ ਹੋਣੇ ਚਾਹੀਦੇ ਸਨ।
Navjot Sidhu
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ 2015 ਵਿਚ ਅੰਬਾਨੀ 7500 ਕਰੋੜ ਰੁਪਏ ਵਿਚ ਐਕਸਪਾਇਰ ਹੋਈ ਕੰਪਨੀ ਖਰੀਦਦਾ ਹੈ ਤੇ ਉਸ ਦਾ ਨਾਮ ਰੱਖਿਆ ਜਾਂਦਾ ਹੈ ‘ਰਿਲਾਇੰਸ ਡਿਫ਼ੈਂਸ’। ਉਸ ਤੋਂ ਬਾਅਦ ਅੰਬਾਨੀ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਰਸ਼ੀਆ ਵਿਚ ਪਹਿਲੇ ਹੀ ਮਹੀਨੇ ਜਾ ਕੇ ਪਹਿਲਾ ਕੰਟਰੈਕਟ ‘ਦ ਮੇਕਰ ਆਫ਼ ਏਅਰ ਡਿਫ਼ੈਂਸ ਸਿਸਟਮ’ ਨਾਲ 6 ਬਿਲੀਅਨ ਯੂਐਸ ਡਾਲਰ ਵਿਚ ਕਰਦੇ ਹੈ।
ਉਨ੍ਹਾਂ ਕਿਹਾ ਕਿ ਮੋਦੀ 10 ਰੁਪਏ ਦੇ ਪੈੱਨ ਦਾ ਤਾਂ ਬਿੱਲ ਵੀ ਮੰਗਦੇ ਹਨ ਪਰ ਰਾਫ਼ੇਲ ਦੇ ਬਿੱਲ ਦਾ ਕੋਈ ਜਵਾਬ ਹੀ ਨਹੀਂ। ਸਿੱਧੂ ਨੇ ਕਿਹਾ ਕਿ ਮੋਦੀ 2014 ਵਿਚ ਆਏ ਸੀ ਗੰਗਾ ਦੇ ਲਾਲ ਬਣ ਕੇ ਪਰ ਹੁਣ ਜਾਣਗੇ ਰਾਫ਼ੇਲ ਦੇ ਦਲਾਲ ਬਣ ਕੇ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਭਾਰਤ ਦੀਆਂ ਕਈ ਸਰਕਾਰੀ ਕੰਪਨੀਆਂ ਹਨ ਜਿੰਨ੍ਹਾਂ ਨੂੰ ਬਹੁਤ ਜ਼ਰੂਰਤ ਸੀ ਕੰਟਰੈਕਟ ਦੀ, ਜੋ ਅੱਜ ਵੀ ਘਾਟੇ ਵਿਚ ਚੱਲ ਰਹੀਆਂ ਹਨ ਪਰ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਬਾਰੇ ਨਾ ਸੋਚ ਕੇ ਸਿਰਫ਼ ਅੰਬਾਨੀ, ਅਡਾਣੀ ਬਾਰੇ ਸੋਚਿਆ ਤੇ ਵੱਖ-ਵੱਖ ਦੇਸ਼ਾਂ ਵਿਚ ਉਨ੍ਹਾਂ ਨੂੰ ਨਾਲ ਲਿਜਾ ਕੇ ਕੰਟਰੈਕਟ ਸਾਈਨ ਕਰਵਾਏ।
ਉਨ੍ਹਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਦੇਸ਼ ਦੀਆਂ ਸਰਕਾਰੀ ਕੰਪਨੀਆਂ ਨੂੰ ਮਾਰ ਕੇ ਮੋਦੀ ਨੂੰ ਸਿਰਫ਼ ਇਹ ਦੋ ਲੋਕ ਹੀ ਮਿਲੇ ਸੀ ਜਿੰਨ੍ਹਾਂ ਦੀ ਮੋਦੀ ਨੂੰ ਫ਼ਿਕਰ ਹੈ। ਦੇਸ਼ ਦੀਆਂ ਲਗਭੱਗ ਸਾਰੀਆਂ ਕੰਪਨੀਆਂ ਮੁਨਾਫ਼ੇ ਨੂੰ ਤਰਸ ਰਹੀਆਂ ਹਨ ਤੇ ਮੌਜੂਦਾ ਸਮੇਂ ਵਿਚ ਘਾਟੇ ਵਿਚ ਚੱਲ ਰਹੀਆਂ ਹਨ ਪਰ ਮੋਦੀ ਸਾਬ੍ਹ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਜਿਹੜਾ ਉਨ੍ਹਾਂ ਦੀ ਗੱਲ ਮੰਨੇ ਉਹ ਦੇਸ਼ ਭਗਤ ਤੇ ਜਿਹੜਾ ਨਾ ਮੰਨੇ ਉਸ ਨੂੰ ‘ਐਂਟੀ ਹਿੰਦੁਸਤਾਨ’ ਦਾ ਤਮਗਾ ਪਹਿਨਾ ਦਿੰਦੇ ਹਨ।
Navjot Singh Sidhu
ਸਿੱਧੂ ਨੇ ਕਿਹਾ ਕਿ ਮੋਦੀ ਬੰਗਲਾ ਦੇਸ਼ ਵਿਚ ਜਾਂਦੇ ਹਨ। ਉੱਥੇ ਪਾਵਰ ਪਲਾਂਟ ਲੱਗਦਾ ਹੈ ਤੇ ਬਿਜਲੀ ਦਾ ਕੰਟਰੈਕਟ ਐਨਟੀਪੀਸੀ ਨੂੰ ਛੱਡ ਕੇ ਅੰਬਾਨੀ, ਅਡਾਣੀ ਨੂੰ ਦਿੰਦੇ ਹਨ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਐਨਟੀਪੀਸੀ 3.40 ਰੁਪਏ ਦੇ ਹਿਸਾਬ ਨਾਲ ਕੰਟਰੈਕਟ ਸਾਇਨ ਕਰਨ ਲਈ ਤਿਆਰ ਹੁੰਦੀ ਹੈ ਪਰ ਉੱਥੇ ਹੀ ਅੰਬਾਨੀ, ਅਡਾਣੀ 5.90 ਰੁਪਏ ਦੇ ਹਿਸਾਬ ਨਾਲ ਬਿਜਲੀ ਦਿੰਦੀ ਹੈ। ਇਸ ਦੇ ਬਾਵਜੂਦ ਇਹ ਕੰਟਰੈਕਟ ਐਨਟੀਪੀਸ ਨੂੰ ਨਹੀਂ ਦਿਤਾ ਜਾਂਦਾ ਤੇ ਅੰਬਾਨੀ, ਅਡਾਣੀ ਨੂੰ ਦੇ ਦਿਤਾ ਜਾਂਦਾ ਹੈ।
ਸਿੱਧੂ ਨੇ ਕਿਹਾ ਕਿ ਫ਼ਸਲ ਬੀਮਾ ਯੋਜਨਾ ਰਾਫ਼ੇਲ ਤੋਂ ਵੀ ਵੱਡਾ ਘਪਲਾ ਹੈ। 47 ਹਜ਼ਾਰ 408 ਕਰੋੜ ਰੁਪਏ ਦਾ ਪ੍ਰੀਮੀਅਮ ਹੈ ਤੇ ਕਲੇਮ 31 ਹਜ਼ਾਰ ਕਰੋੜ ਰੁਪਏ ਦਾ ਹੈ ਤੇ ਸਾਰੇ ਮੁਨਾਫ਼ੇ ਰਿਲਾਇੰਸ, ਟਾਟਾ, ਬਿਰਲਾ ਵਰਗੀਆਂ ਕੰਪਨੀਆਂ ਨੂੰ ਮਿਲ ਰਹੇ ਹਨ। ਜੇਕਰ ਕਿਸਾਨ 2 ਲੱਖ ਰੁਪਏ ਦਾ ਕਰਜ਼ਾ ਬੈਂਕਾਂ ਤੋਂ ਲੈਂਦਾ ਹੈ ਤਾਂ ਉਸ ਕੋਲੋਂ ਇਕ ਖ਼ਾਲੀ ਚੈੱਕ ਸਾਈਨ ਕਰਵਾ ਕੇ ਲਿਆ ਜਾਂਦਾ ਹੈ ਤੇ ਜੇਕਰ ਇਕ ਵੀ ਕਿਸ਼ਤ ਅੱਗੇ-ਪਿੱਛੇ ਹੋ ਜਾਵੇ ਤਾਂ ਬੈਂਕ ਦੇ ਬਾਹਰ ਕਿਸਾਨ ਦੀ ਫੋਟੋ ਲਗਾ ਦਿਤੀ ਜਾਂਦੀ ਹੈ,
Navjot Singh Sidhu
ਉਸ ਨੂੰ ਜ਼ਲੀਲ ਕੀਤਾ ਜਾਂਦਾ ਹੈ ਤੇ ਉਸ ਨੂੰ ਜੇਲ੍ਹ ਵਿਚ ਠੂਸ ਦਿਤਾ ਜਾਂਦਾ ਹੈ ਪਰ ਅੰਬਾਨੀ, ਅਡਾਣੀ ਕੋਲੋਂ ਕਦੇ ਚੈੱਕ ਨਹੀਂ ਲਿਆ ਜਦਕਿ ਉਨ੍ਹਾਂ ਨੇ ਕਈ ਹਜ਼ਾਰਾਂ ਕਰੋੜ ਦਾ ਕਰਜ਼ਾ ਲੈ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਨਾਫ਼ੇ ਸਾਰੇ ਪ੍ਰਾਈਵੇਟ ਕੰਪਨੀਆਂ ਨੂੰ ਤੇ ਨੁਕਸਾਨ ਸਾਰੇ ਸਰਕਾਰੀ ਕੰਪਨੀਆਂ ਨੂੰ ਜਾ ਰਹੇ ਹਨ। ਅਸੀਂ ਤਾਂ ਸੋਚਿਆ ਸੀ ਕਿ ਚੌਕੀਦਾਰ ਨਿਕਲੇਗਾ ਚੌਕੰਨਾ ਪਰ ਚੌਕੀਦਾਰ ਤਾਂ ਨਿਕਲਿਆ ਨਿਕੰਮਾ।
ਉਨ੍ਹਾਂ ਕਿਹਾ ਕਿ ਮੋਦੀ ਨੇ ਲੋਕਾਂ ਨੂੰ ਸਿਰਫ਼ ਝੂਠੇ ਲਾਰੇ ਲਾਏ ਤੇ ਮੁਨਾਫ਼ੇ ਸਿਰਫ਼ ਅੰਬਾਨੀ, ਅਡਾਣੀ ਵਰਗਿਆਂ ਨੂੰ ਦਿਤੇ। ਦੇਸ਼ ਦੇ ਨੌਜਵਾਨਾਂ ਨੂੰ ਨੌਕਰੀਆਂ ਤਾਂ ਕੀ ਦੇਣੀਆਂ ਸੀ ਉਲਟਾ ਜਿਹੜੀਆਂ ਨੌਕਰੀਆਂ ਸੀ ਉਹ ਵੀ ਖੋਹ ਲਈਆਂ। ਕੰਟਰੈਕਟ ਸਾਰੇ ਪ੍ਰਾਈਵੇਟ ਕੰਪਨੀਆਂ ਨੂੰ ਦਿਤੇ ਗਏ ਤੇ ਉਹ ਕੰਪਨੀਆਂ ਮੈਨੂਫੈਕਚਰਿੰਗ ਚਾਇਨਾ ਕੋਲੋਂ ਕਰਵਾਉਂਦੀ ਰਹੀਆਂ, ਜਿਸ ਕਰਕੇ ਅੱਜ ਸਭ ਤੋਂ ਵੱਧ ਨੌਕਰੀਆਂ ਚਾਇਨਾ ਵਿਚ ਹਨ।
ਇਸ ਦੇ ਉਲਟ ਭਾਰਤ ਵਿਚ ਬੇਰੁਜ਼ਗਾਰੀ ਤੋਂ ਸਿਵਾਏ ਕੁਝ ਵੀ ਨਹੀਂ ਹੈ ਤੇ ਸਰਕਾਰੀ ਕੰਪਨੀਆਂ ਇਸ ਕਦਰ ਭਾਰੀ ਘਾਟੇ ਵਿਚ ਚੱਲ ਰਹੀਆਂ ਹਨ ਕਿ ਉਨ੍ਹਾਂ ਕੋਲ ਅਪਣੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਵੀ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਹੁਣ ਚੋਣਾਂ ਦੌਰਾਨ ਲੋਕ ਮਾਲਕ ਹਨ ਤੇ ਲੋਕ ਹੀ ਦੱਸਣਗੇ ਕਿ ਇਹ ਚੌਕੀਦਾਰ ਰੱਖਣਾ ਹੈ ਕਿ ਨਹੀਂ।