
ਏਮਜ਼ ਵਿਚ ਦਾਖਲ ਹਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਾਲਤ ਸਥਿਰ ਹੈ। ਡਾ. ਹਰਸ਼ਵਰਧਨ ਨੇ ਟਵੀਟ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ। ਸਿਹਤ ਮੰਤਰੀ ਨੇ ਦੱਸਿਆ, ‘ਮੈਂ ਏਮਜ਼ ਵਿਚ ਮਨਮੋਹਨ ਸਿੰਘ ਜੀ ਨੂੰ ਦੇਖ ਰਹੀ ਮੈਡੀਕਲ ਟੀਮ ਕੋਲੋਂ ਉਹਨਾਂ ਬਾਰੇ ਪੁੱਛਿਆ। ਉਹਨਾਂ ਦੀ ਸਥਿਤੀ ਸਥਿਰ ਬਣੀ ਹੋਈ ਹੈ। ਉਹਨਾਂ ਦਾ ਜਿੰਨਾ ਸੰਭਵ ਹੋ ਸਕੇ ਖ਼ਿਆਲ ਰੱਖਿਆ ਜਾ ਰਿਹਾ ਹੈ। ਅਸੀਂ ਸਾਰੇ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ’।
ਦੱਸ ਦਈਏ ਕਿ 88 ਸਾਲਾ ਡਾ. ਮਨਮੋਹਨ ਸਿੰਘ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸੂਤਰਾਂ ਅਨੁਸਾਰ ਸਾਬਕਾ ਪੀਐਮ ਨੂੰ ਏਮਜ਼ ਦੇ ਟਰੌਮਾ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਟਰੌਮਾ ਸੈਂਟਰ ਨੂੰ ਕੋਰੋਨਾ ਦੇ ਉਪਚਾਰ ਕੇਂਦਰ ਦੇ ਰੂਪ ਵਿਚ ਵਰਤਿਆ ਜਾ ਰਿਹਾ ਹੈ।