
ਚੋਣ ਕਮਿਸ਼ਨ ਨੇ ਬਾਕੀ ਗੇੜਾਂ ਦੀ ਵੋਟਿੰਗ ਇਕ ਗੇੜ ਵਿਚ ਨਾ ਕਰਵਾਉਣ ਦਾ ਫ਼ੈਸਲਾ ਭਾਜਪਾ ਦੇ ਕਹਿਣ ’ਤੇ ਕੀਤਾ ਹੋਵੇਗਾ।
ਚਕੁਲੀਆ (ਪੱਛਮੀ ਬੰਗਾਲ): ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਉਹ ਸੂਬੇ ਵਿਚ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਚੋਣਾਂ ਕਰਵਾਉਣ ਦੇ ਅਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇ। ਬੈਨਰਜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਵਿਚ ਆਖ਼ਰੀ ਤਿੰਨ ਗੇੜਾਂ ਦੀ ਵੋਟਿੰਗ ਇਕ ਜਾਂ ਦੋ ਦਿਨ ਵਿਚ ਕਰਵਾਉਣ ਨਾਲ ਕੋਰੋਨਾ ਦਾ ਪ੍ਰਕੋਪ ਕੁਝ ਹੱਦ ਤਕ ਘੱਟ ਹੋ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਬਾਕੀ ਗੇੜਾਂ ਦੀ ਵੋਟਿੰਗ ਇਕ ਗੇੜ ਵਿਚ ਨਾ ਕਰਵਾਉਣ ਦਾ ਫ਼ੈਸਲਾ ਭਾਜਪਾ ਦੇ ਕਹਿਣ ’ਤੇ ਕੀਤਾ ਹੋਵੇਗਾ।
mamta
ਉਨ੍ਹਾਂ ਉਤਰੀ ਦਿਨਾਜਪੁਰ ਦੇ ਚਕੁਲੀਆ ਵਿਚ ਇਕ ਰੈਲੀ ਵਿਚ ਕਿਹਾ ਕਿ ਕਮਿਸ਼ਨ ਨੂੰ ਜਨਤਕ ਸਿਹਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਤ੍ਰਿਣਾਮੂਲ ਕਾਂਗਰਸ ਪ੍ਰਧਾਨ ਨੇ ਕਿਹਾ,‘‘ਮੈਂ ਹੱਥ ਜੋੜ ਕੇ ਚੋਣ ਕਮਿਸ਼ਨ ਨੂੰ ਬੇਨਤੀ ਕਰਦੀ ਹਾਂ ਕਿ ਅਗਲੇ ਤਿੰਨ ਗੇੜਾਂ ਦੀ ਵੋਟਿੰਗ ਇਕ ਦਿਨ ਵਿਚ ਕਰਵਾਏ। ਜੇਕਰ ਇਕ ਦਿਨ ਵਿਚ ਨਹੀਂ ਹੋ ਸਕਦੀ ਤਾਂ ਦੋ ਦਿਨ ਵਿਚ ਕਰਵਾਏ ਅਤੇ ਇਕ ਦਿਨ ਬਚਾ ਲਵੇ।’’
Bjp and Congress
ਉਨ੍ਹਾਂ ਕਿਹਾ,‘‘ਤੁਸੀ ਭਾਜਪਾ ਦੇ ਕਹਿਣ ’ਤੇ ਅਪਣਾ ਫ਼ੈਸਲਾ ਨਾ ਲਵੋ। ਕ੍ਰਿਪਾ ਕਰ ਕੇ ਚੋਣਾਂ ਦਾ ਪ੍ਰੋਗਰਾਮ ਘੱਟ ਕਰ ਕੇ ਜਨਤਾ ਦੀ ਸਿਹਤ ਨੂੰ ਬਚਾਉ। ਭਲੇ ਹੀ ਇਕ ਹੀ ਦਿਨ ਬਚ ਜਾਵੇ।’’ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦਾ ਕੋਈ ਆਗੂ ਸੰਘਣੇ ਇਲਾਕਿਆਂ ਵਿਚ ਕੋਈ ਰੈਲੀ ਨਹੀਂ ਕਰੇਗਾ। ਬੈਨਰਜੀ ਨੇ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ’ਤੇ ਪਿਛਲੇ ਛੇ ਮਹੀਨਿਆਂ ਵਿਚ ਕੋਰੋਨਾ ਵਿਰੁਧ ਢੁਕਵੇਂ ਕਦਮ ਨਾ ਚੁੱਕਣ ਦਾ ਦੋਸ਼ ਲਗਾਇਆ। ਭਾਜਪਾ ਨੂੰ ‘ਦੰਗਈ ਅਤੇ ਜੰਗ ਭੜਕਾਉਣ ਵਾਲਿਆਂ’ ਦੀ ਪਾਰਟੀ ਦਸਦੇ ਹੋਏ ਮਮਤਾ ਬੈਨਜੀ ਨੇ ਰੈਲੀ ਵਿਚ ਮੌਜੂਦ ਲੋਕਾਂ ਨੂੰ ਕਿਹਾ,‘‘ਉਨ੍ਹਾਂ ਨੂੰ (ਭਾਜਪਾ ਆਗੂਆਂ ਨੂੰ) ਅਸੀਂ ਬੰਗਾਲ ਨੂੰ ਗੁਜਰਾਤ ਨਹੀਂ ਬਣਾਉਣ ਦੇਵਾਂਗੇ।’’