
ਸੋਮਵਾਰ ਨੂੰ ਨਾਗਪੁਰ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਫਿਲਮ ਦਾ ਪੋਸਟਰ ਰੀਲੀਜ਼ ਕੀਤਾ ਹੈ।
ਨਵੀਂ ਦਿੱਲੀ: ਪੀਐਮ ਮੋਦੀ ਦੀ ਬਾਇਓਪਿਕ ਦਾ ਨਵਾਂ ਪੋਸਟਰ ਰੀਲੀਜ਼ ਹੋ ਗਿਆ ਹੈ। ਸੋਮਵਾਰ ਨੂੰ ਨਾਗਪੁਰ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਫਿਲਮ ਦਾ ਪੋਸਟਰ ਰੀਲੀਜ਼ ਕੀਤਾ ਹੈ। ਇਸ ਮੌਕੇ ‘ਤੇ ਵਿਵੇਕ ਓਬਰਾਏ ਵੀ ਮੌਜੂਦ ਸਨ, ਜੋ ਕਿ ਫਿਲਮ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਫਿਲਮ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ 24 ਮਈ ਨੂੰ ਰੀਲੀਜ਼ ਹੋ ਰਹੀ ਹੈ।
ਇਸ ਫਿਲਮ ਦੇ ਨਵੇਂ ਪੋਸਟਰ ਵਿਚ ਲਿਖਿਆ ਹੈ ਕਿ ਆ ਰਹੇ ਹਨ ਪੀਐਮ ਮੋਦੀ ਦੁਬਾਰਾ, ਹੁਣ ਕੋਈ ਨਹੀਂ ਰੋਕ ਸਕਦਾ। ਇਕ ਪਾਸੇ ਐਤਵਾਰ ਨੂੰ ਐਗਜ਼ਿਟ ਪੋਲ ਮੋਦੀ ਸਰਕਾਰ ਦੀ ਵਾਪਸੀ ਦਾ ਇਸ਼ਾਰਾ ਕਰ ਰਹੇ ਹਨ ਤਾਂ ਦੂਜੇ ਪਾਸੇ ਫਿਲਮ ਦਾ ਪੋਸਟਰ ਵੀ ਕੁਝ ਇਸੇ ਅੰਦਾਜ਼ ਵਿਚ ਆ ਗਿਆ ਹੈ। ਦੱਸ ਦਈਏ ਕਿ ਪਹਿਲਾਂ ਇਹ ਫਿਲਮ 11 ਅਪ੍ਰੈਲ ਨੂੰ ਵੋਟਿੰਗ ਦੇ ਪਹਿਲੇ ਪੜਾਅ ਦੌਰਾਨ ਰੀਲੀਜ਼ ਹੋਣੀ ਸੀ ਪਰ ਚੋਣ ਕਮਿਸ਼ਨ ਨੇ 10 ਅਪ੍ਰੈਲ ਨੂੰ ਹੀ ਇਸ ਫਿਲਮ ਦੀ ਰੀਲੀਜ਼ ‘ਤੇ ਰੋਕ ਲਗਾ ਦਿੱਤੀ ਸੀ।
ਫਿਲਮ ਦੇ ਨਿਰਮਾਤਾ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਇਹ ਫਿਲਮ ਅਪ੍ਰੈਲ ਵਿਚ ਹੀ ਰੀਲੀਜ਼ ਹੋ ਜਾਵੇ। ਵਿਵੇਕ ਓਬਰਾਏ ਨੇ ਵੀ ਇਹੀ ਕਿਹਾ ਸੀ ਕਿ ਉਹਨਾਂ ਦੀ ਫਿਲਮ ਨਾ ਰੀਲੀਜ਼ ਕਰਨਾ ਉਹਨਾਂ ਨਾਲ ਬੇਇਨਸਾਫੀ ਹੈ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਫਿਲਮ ਰੀਲੀਜ਼ ਨਹੀਂ ਹੋ ਸਕੀ। ਚੋਣ ਕਮਿਸ਼ਨ ਨੇ ਸੈਕਸ਼ਨ 126 (1) ਰਿਪਰਜ਼ੈਂਟੇਟਿਵ ਆਫ ਪੀਪਲ ਐਕਟ ਦੇ ਤਹਿਤ ਪੀਐਮ ਮੋਦੀ ਦੀ ਬਾਇਓਪਿਕ ‘ਤੇ ਰੋਕ ਲਗਾ ਦਿੱਤੀ ਸੀ। ਇਸਦੇ ਤਹਿਤ ਦੱਸਿਆ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦੇ ਚੋਣ ਕੰਟੈਂਟ ਨੂੰ ਸਿਨੇਮਾ, ਟੀਵੀ ਜਾਂ ਕਿਸੇ ਹੋਰ ਮਾਧਿਅਮ ਦੇ ਜ਼ਰੀਏ ਪ੍ਰਸਾਰਿਤ ਨਹੀਂ ਕੀਤਾ ਜਾ ਸਕਦਾ।
ਰੀਲੀਜ਼ ਰੋਕਣ ਵਾਲੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਵਿਰੁੱਧ ਫਿਲਮ ਦੇ 4 ਨਿਰਮਾਤਾਵਾਂ ਨੇ ਸੁਪਰੀਮ ਕੋਰਟ ਦਾ ਰੁਖ ਵੀ ਕੀਤਾ ਸੀ। ਫਿਲਮ ਨਿਰਮਾਤਾ ਨੇ ਮੰਗ ਕੀਤੀ ਸੀ ਕਿ ਚੋਣ ਕਮਿਸ਼ਨ ਇਕ ਵਾਰ ਫਿਲਮ ਦੇਖ ਲਵੇ ਅਤੇ ਉਸ ਤੋਂ ਬਾਅਦ ਫੈਸਲਾ ਲਵੇ। ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਫਿਲਮ ਦੇਖ ਕੇ ਕੋਈ ਫੈਸਲਾ ਕਰਨ। ਚੋਣ ਕਮਿਸ਼ਨ ਨੇ 17 ਅਪ੍ਰੈਲ ਨੂੰ ਫਿਲਮ ਦੇਖੀ ਅਤੇ ਬਾਅਦ ਵਿਚ ਇਸ ਫਿਲਮ ਨੂੰ ਚੋਣਾਂ ਦੇ ਨਤੀਜਿਆਂ ਤੋਂ ਅਗਲੇ ਦਿਨ ਰੀਲੀਜ਼ ਕਰਨ ਦਾ ਫੈਸਲਾ ਕੀਤਾ ਗਿਆ।