
ਮੌਤ ਦੀ ਗੋਦ 'ਚ ਜਾਣੋਂ ਪਹਿਲਾਂ ਇਕੱਠਿਆਂ ਨੇ ਲਈ ਸੀ ਸੈਲਫ਼ੀ
ਮਹਾਰਾਸ਼ਟਰ- ਸੜਕ ਹਾਦਸੇ ਦਿਨੋ ਦਿਨ ਵਧਦੇ ਜਾ ਰਹੇ ਹਨ ਅਤੇ ਹੁਣ ਮਹਾਰਾਸ਼ਟਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆਂ ਹੈ। ਤਸਵੀਰ ਵਿਚ ਨਜ਼ਰ ਆ ਰਹੇ ਇਹ 9 ਲੜਕੇ ਆਪਸ ਵਿਚ ਦੋਸਤ ਸਨ ਅਤੇ ਇਨ੍ਹਾਂ ਨੇ ਇਹ ਤਸਵੀਰ ਕਾਲਜ ਤੋਂ ਘਰ ਨੂੰ ਜਾਣ ਵੇਲੇ ਖਿੱਚੀ ਸੀ ਪਰ ਇਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਇਨ੍ਹਾਂ ਦੀ ਆਖ਼ਰੀ ਤਸਵੀਰ ਹੋਵੇਗੀ। ਇਨ੍ਹਾਂ 9 ਲੜਕਿਆਂ ਦੀ ਮਹਾਰਾਸ਼ਟਰ ਵਿਚ ਇਕ ਕਾਰ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਇਹ ਸਾਰੇ ਮੁੰਡੇ ਇਕੋ ਕਾਲਜ ਵਿਚ ਪੜ੍ਹਦੇ ਸਨ।
ਦਰਅਸਲ ਇਹ ਭਿਆਨਕ ਹਾਦਸਾ ਪੁਣੇ-ਸੋਲਾਪੁਰ ਰਾਜਮਾਰਗ 'ਤੇ ਵਾਪਰਿਆ ਜਿੱਥੇ ਇਨ੍ਹਾਂ ਮੁੰਡਿਆਂ ਦੀ ਕਾਰ ਦਾ ਸੰਤੁਲਨ ਵਿਗੜਣ ਤੋਂ ਬਾਅਦ ਕਾਰ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਇਨ੍ਹਾਂ 9 ਦੇ 9 ਮੁੰਡਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਰੇ ਮੁੰਡੇ ਪੁਣੇ ਦੇ ਪਿੰਡ ਯਾਵਤ ਦੇ ਰਹਿਣ ਵਾਲੇ ਸਨ ਅਤੇ ਇਨ੍ਹਾਂ ਸਾਰਿਆਂ ਦੀ ਉਮਰ 19 ਤੋਂ 23 ਸਾਲ ਦੇ ਵਿਚਕਾਰ ਸੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਇਨ੍ਹਾਂ ਲੜਕਿਆਂ ਦੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।