
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਮਾਰਚ ਦੇ ਮਹੀਨੇ ਤੋਂ ਦੇਸ਼ ਭਰ ਦੇ ਸਕੂਲ ਅਤੇ ਕਾਲਜ ਬੰਦ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਮਾਰਚ ਦੇ ਮਹੀਨੇ ਤੋਂ ਦੇਸ਼ ਭਰ ਦੇ ਸਕੂਲ ਅਤੇ ਕਾਲਜ ਬੰਦ ਹਨ। ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਦਿਨ ਪ੍ਰਤੀ ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਅਜਿਹੇ ਵਿਚ ਸਕੂਲਾਂ ਨੂੰ ਦੁਬਾਰਾ ਖੋਲ੍ਹਣਾ ਸਿੱਖਿਆ ਮੰਤਰਾਲੇ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ।
School
ਦੱਸ ਦਈਏ ਕਿ ਕੇਂਦਰੀ ਸਿੱਖਿਆ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਰੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਪ੍ਰਤੀਕਿਰਿਆ ਲੈਣ ਲਈ ਕਿਹਾ ਹੈ ਕਿ ਉਹ ਅਗਸਤ, ਸਤੰਬਰ ਜਾਂ ਅਕਤੂਬਰ ਕਦੋਂ ਸਕੂਲਾਂ ਨੂੰ ਖੋਲ੍ਹਣ ‘ਤੇ ਸਹਿਮਤ ਹਨ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਭੇਜੇ ਗਏ ਸਰਕੂਲਰ ਵਿਚ ਇਹ ਵੀ ਜਾਣਨ ਲਈ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ‘ਤੇ ਮਾਪਿਆਂ ਦੀਆਂ ਸਕੂਲਾਂ ਤੋਂ ਕੀ-ਕੀ ਉਮੀਦਾਂ ਹਨ।
Students
ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿੱਖਿਆ ਸਕੱਤਰਾਂ ਨੂੰ 20 ਜੁਲਾਈ ਤੱਕ ਇਸ ਰਿਪੋਰਟ ਨੂੰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਚਲਦਿਆਂ ਪੜ੍ਹਾਈ ਵਿਚ ਹੋਏ ਨੁਕਸਾਨ ਦੇ ਮੱਦੇਨਜ਼ਰ ਸਰਕਾਰ ਦੇ ਵਿਦਿਆਰਥੀਆਂ ਦੇ ਹਿੱਤ ਵਿਚ ਇਕ ਵੱਡਾ ਫੈਸਲਾ ਲੈਂਦੇ ਹੋਏ ਜੁਲਾਈ ਦੇ ਪਹਿਲੇ ਹਫ਼ਤੇ ਵਿਚ 9ਵੀਂ ਤੋਂ 12ਵੀਂ ਕਲਾਸ ਲਈ ਸਕੂਲ ਸਿਲੇਬਸ ਘੱਟ ਕਰਨ ਦਾ ਫੈਸਲਾ ਕੀਤਾ ਹੈ।
Photo
ਸਿਲੇਬਸ ਨੂੰ ਘੱਟ ਕਰਨ ਦਾ ਮੁੱਖ ਮਕਸਦ ਵਿਦਿਆਰਥੀਆਂ ‘ਤੇ ਦਬਾਅ ਨੂੰ ਘੱਟ ਕਰਨਾ ਸੀ। ਦੂਜੇ ਪਾਸੇ ਪੜ੍ਹਾਈ ਦੇ ਨੁਕਸਾਨ ਨੂੰ ਘੱਟ ਕਰਨ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਲਗਾਤਾਰ ਆਨਲਾਈਨ ਸਿੱਖਿਆ ਨੂੰ ਪ੍ਰਮੋਟ ਕਰ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਵਿਦਿਆਰਥੀ ਘਰਾਂ ਵਿਚ ਰਹਿ ਕੇ ਅਪਣੀ ਪੜ੍ਹਾਈ ਜਾਰੀ ਰੱਖ ਸਕਣ।