
'ਖ਼ਾਲਸਾ ਏਡ' ਸੰਸਥਾ ਦੇ ਮੈਂਬਰਾਂ ਨੇ ਕੋਈ ਵੀ ਅਜਿਹਾ ਦਿਨ ਖ਼ਾਲੀ ਨਹੀਂ ਜਾਣ ਦਿਤਾ ਜਦੋਂ ਦੁਨੀਆ ਦੇ ਕਿਸੇ ਕੋਨੇ ਵਿਚ ਕੋਈ ਆਫ਼ਤ ਟੁੱਟੀ ਹੋਵੇ..............
ਕੇਰਲ : 'ਖ਼ਾਲਸਾ ਏਡ' ਸੰਸਥਾ ਦੇ ਮੈਂਬਰਾਂ ਨੇ ਕੋਈ ਵੀ ਅਜਿਹਾ ਦਿਨ ਖ਼ਾਲੀ ਨਹੀਂ ਜਾਣ ਦਿਤਾ ਜਦੋਂ ਦੁਨੀਆ ਦੇ ਕਿਸੇ ਕੋਨੇ ਵਿਚ ਕੋਈ ਆਫ਼ਤ ਟੁੱਟੀ ਹੋਵੇ ਅਤੇ ਉਨ੍ਹਾਂ ਨੇ ਪੀੜਤਾਂ ਦੀ ਬਾਹ ਨਾ ਫੜੀ ਹੋਵੇ। ਹੜ੍ਹ ਦਾ ਸਾਹਮਣੇ ਕਰ ਰਹੇ ਕੇਰਲ ਨਿਵਾਸੀਆਂ ਲਈ ਸੰਸਾਰ ਪ੍ਰਸਿੱਧ ਖ਼ਾਲਸਾ ਏਡ ਸੰਸਥਾ ਮਦਦ ਲਈ ਹਮੇਸ਼ਾ ਵਾਂਗੂ ਫਿਰ ਅੱਗੇ ਆਈ ਹੈ। 'ਖ਼ਾਲਸਾ ਏਡ' ਦੇ ਮੈਂਬਰਾਂ ਵਲੋਂ ਹੜ੍ਹ ਵਿਚ ਫਸੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। 'ਖ਼ਾਲਸਾ ਏਡ' ਏਸ਼ੀਆ ਦੇ ਸੀ.ਈ.ਓ. ਅਮਰਪ੍ਰੀਤ ਸਿੰਘ ਨੇ ਦਸਿਆ ਕਿ ਪੰਜਾਬ ਤੋਂ 4 ਅਤੇ ਸਥਾਨਕ 7 ਮੈਂਬਰਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕਾਰਜ ਸ਼ੁਰੂ ਕੀਤਾ ਹੈ।
ਅਮਰਪ੍ਰੀਤ ਨੇ ਦਸਿਆ ਕਿ ਕੋਚੀ ਦੇ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ ਵਿਚ ਰੋਜ਼ ਦਾ ਲੰਗਰ ਤਿਆਰ ਕਰ ਕੇ ਜ਼ਰੂਰਤਮੰਦ ਲੋਕਾਂ ਤਕ ਪਹੁੰਚਾਇਆ ਜਾ ਰਿਹਾ ਹੈ। ਇਸ ਕੰਮ ਵਿਚ ਗੁਰਦਵਾਰਾ ਸਾਹਿਬ ਦੀ ਕਮੇਟੀ ਵਲੋਂ ਵੀ ਪੂਰਾ ਸਹਿਯੋਗ ਦਿਤਾ ਜਾ ਰਿਹਾ ਹੈ। ਅਮਰਪ੍ਰੀਤ ਨੇ ਦਸਿਆ ਕਿ ਖ਼ਾਲਸਾ ਏਡ ਵਲੋਂ ਲਗਭਗ ਦੋ ਮਹੀਨੇ ਤਕ ਉਥੇ ਰਹਿ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇਗੀ। 100 ਸਾਲ ਵਿਚ ਪਹਿਲੀ ਵਾਰ ਕੇਰਲ ਵਿਚ ਲਗਾਤਾਰ ਅਜਿਹਾ ਭਿਆਨਕ ਮੀਂਹ ਪਿਆ ਹੈ ਜਿਸ ਕਾਰਨ ਹੁਣ ਤਕ 324 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 2,857 ਲੋਕ ਬੇਘਰ ਹੋ ਗਏ ਹਨ। (ਪੀ.ਟੀ.ਆਈ)