
ਕੋਰੋਨਾ ਵਾਇਰਸ ਦੇ ਕੁਲ ਪੀੜਤਾਂ ਦੀ ਗਿਣਤੀ 2589682 ਹੋਈ
ਨਵੀਂ ਦਿੱਲੀ, 16 ਅਗੱਸਤ : ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 63490 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁਲ ਗਿਣਤੀ ਵੱਧ ਕੇ 2589682 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਐਤਵਾਰ ਤਕ 1862258 ਲੋਕਾਂ ਦੇ ਠੀਕ ਹੋਣ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੀ ਵੱਧ ਕੇ 71.91 ਫ਼ੀ ਸਦੀ ਤਕ ਪਹੁੰਚ ਗਈ।
ਬੀਤੇ 24 ਘੰਟਿਆਂ ਵਿਚ 944 ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੂੰ ਮਿਲਾ ਕੇ ਦੇਸ਼ ਵਿਚ ਇਸ ਮਹਾਂਮਾਰੀ ਨਾਲ ਜਾਨ ਗਵਾਉਣ ਵਾਲਿਆਂ ਦੀ ਕੁਲ ਗਿਣਤੀ ਵੱਧ ਕੇ 49980 ਹੋ ਗਈ। ਅੰਕੜਿਆਂ ਮੁਤਾਬਕ 11 ਅਗੱਸਤ ਨੂੰ ਛੱਡ ਦਈਏ ਤਾਂ ਸੱਤ ਅਗੱਸਤ ਤੋਂ ਦੇਸ਼ ਵਿਚ ਰੋਜ਼ਾਨਾ ਕੋਰੋਨਾ ਵਾਇਰਸ ਦੀ ਲਾਗ ਦੇ 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜਦਕਿ 11 ਅਗੱਸਤ ਨੂੰ 53601 ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਮੌਤ ਦਰ ਵਿਚ ਕਮੀ ਦਰਜ ਕੀਤੀ ਗਈ ਹੈ ਅਤੇ ਹੁਣ ਇਹ 1.93 ਫ਼ੀ ਸਦੀ ਰਹਿ ਗਈ ਹੈ।
Corona virus
ਦੇਸ਼ ਵਿਚ ਇਸ ਵੇਲੇ 677444 ਮਰੀਜ਼ ਜ਼ੇਰੇ ਇਲਾਜ ਹਨ ਜੋ ਕੁਲ ਮਰੀਜ਼ਾਂ ਦਾ 26.16 ਫ਼ੀ ਸਦੀ ਹੈ। ਭਾਰਤ ਵਿਚ ਸੱਤ ਅਗੱਸਤ ਨੂੰ ਕੋਵਿਡ-19 ਮਰੀਜ਼ਾਂ ਦੀ ਗਿਣਤੀ 20 ਲੱਖ ਦੇ ਪਾਰ ਹੋ ਗਈ ਸੀ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 15 ਅਗੱਸਤ ਤਕ ਦੇਸ਼ ਵਿਚ 29309703 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 746608 ਨਮੂਨਿਆਂ ਦੀ ਜਾਂਚ ਸਨਿਚਰਵਾਰ ਨੂੰ ਕੀਤੀ ਗਈ।
ਜਿਹੜੇ 944 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ ਮਹਾਰਾਸ਼ਟਰ ਦੇ 322, ਤਾਮਿਲਨਾਡੂ ਦੇ 127, ਕਰਨਾਟਕ ਦੇ 114, ਆਂਧਰਾ ਪ੍ਰਦੇਸ਼ ਦੇ 87, ਪਛਮੀ ਬੰਗਾਲ ਅਤੇ ਯੂਪੀ ਦੇ 58-58, ਪੰਜਾਬ ਦੇ 40, ਗੁਜਰਾਤ ਦੇ 19, ਰਾਜਸਥਾਨ ਦੇ 16, ਮੱਧ ਪ੍ਰਦੇਸ਼ ਦੇ 13, ਦਿੱਲੀ ਅਤੇ ਹਰਿਆਣਾ ਦੇ 10-10 ਮਰੀਜ਼ ਸ਼ਾਮਲ ਹਨ। ਉੜੀਸਾ ਅਤੇ ਤੇਲੰਗਾਨਾ ਵਿਚ ਨੌਂ-ਨੌਂ, ਬਿਹਾਰ ਵਿਚ ਅੱਠ,ਆਸਾਮ , ਜੰਮੂ ਕਸ਼ਮੀਰ ਅਤੇ ਕੇਰਲਾ ਵਿਚ ਸੱਤ-ਸੱਤ, ਗੋਆ ਅਤੇ ਤ੍ਰਿਪੁਰਾ ਵਿਚ ਪੰਜ-ਪੰਜ, ਛੱਤੀਸਗੜ੍ਹ, ਝਾਰਖੰਡ ਅਤੇ ਉਤਰਾਖੰਡ ਵਿਚ ਚਾਰ-ਚਾਰ ਅਤੇ ਲਦਾਖ਼ ਵਿਚ ਇਕ ਮਰੀਜ਼ ਦੀ ਮੌਤ ਦਰਜ ਕੀਤੀ ਗਈ ਹੈ। ਹੁਣ ਤਕ ਦੇਸ਼ ਵਿਚ ਹੋਈਆਂ ਕੁਲ 49980 ਮੌਤਾਂ ਵਿਚੋਂ ਸੱਭ ਤੋਂ ਵੱਧ ਮਹਾਰਾਸ਼ਟਰ ਵਿਚ 19749 ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ। (ਏਜੰਸੀ)