
'ਕੋਰੋਨਾ ਵਾਇਰਸ' ਪਾਜ਼ੇਟਿਵ ਹੋਣ ਮਗਰੋਂ 12 ਜੁਲਾਈ ਤੋਂ ਹਸਪਤਾਲ ਵਿਚ ਦਾਖ਼ਲ ਸਨ
ਨਵੀਂ ਦਿੱਲੀ, 16 ਅਗੱਸਤ : ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਚੇਤਨ ਚੌਹਾਨ ਦਾ ਕੋਰੋਨਾ ਵਾਇਰਸ ਬੀਮਾਰੀ ਨਾਲ ਸਬੰਧਤ ਤਕਲੀਫ਼ਾਂ ਕਾਰਨ ਐਤਵਾਰ ਨੂੰ ਦਿਹਾਂਤ ਹੋ ਗਿਆ। ਚੌਹਾਨ ਨੂੰ ਲਗਭਗ 36 ਘੰਟਿਆਂ ਤੋਂ ਵੈਂਟੀਲੇਟਰ'ਤੇ ਰਖਿਆ ਹੋਇਆ ਸੀ। ਉਹ 73 ਵਰ੍ਹਿਆਂ ਦੇ ਸਨ। ਭਾਰਤ ਲਈ 40 ਟੈਸਟ ਖੇਡਣ ਵਾਲੇ ਚੌਹਾਨ ਦੇ ਪਰਵਾਰ ਵਿਚ ਪਤਨੀ ਅਤੇ ਬੇਟਾ ਵਿਨਾਇਕ ਹੈ। ਵਿਨਾਇਕ ਮੈਲਬਰਨ ਵਿਚ ਰਹਿੰਦਾ ਹੈ।
ਅੰਤਰਰਾਸ਼ਟੀ ਸੈਂਕੜਾ ਲਾਏ ਬਿਨਾਂ ਭਾਰਤੀ ਕ੍ਰਿਕਟ ਦੇ ਸੱਭ ਤੋਂ ਮਸ਼ਹੂਰ ਬੱਲੇਬਾਜ਼ਾਂ ਵਿਚ ਸ਼ਾਮਲ ਚੌਹਾਨ ਯੂਪੀ ਕੈਬਨਿਟ ਵਿਚ ਫ਼ੌਜੀ ਭਲਾਈ, ਹੋਮ ਗਾਰਡ ਅਤੇ ਨਾਗਰਿਕ ਸੁਰੱਖਿਆ ਮੰਤਰੀ ਸਨ। ਉਨ੍ਹਾਂ ਦੇ ਛੋਟੇ ਭਰਾ ਪੁਸ਼ਪਿੰਦਰ ਨੇ ਕਿਹਾ, 'ਮੇਰੇ ਵੱਡੇ ਭਰਾ ਚੇਤਨ ਚੌਹਾਨ ਬੀਮਾਰੀ ਨਾਲ ਲੜਦਿਆਂ ਅੱਜ ਸਾਨੂੰ ਛੱਡ ਕੇ ਚਲੇ ਗਏ। ਮੈਂ ਉਨ੍ਹਾਂ ਸਾਰਿਆਂ ਦਾ ਧਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ।'
Chetan Chauhan
ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨਾਲ ਲੰਮੇ ਸਮੇਂ ਤਕ ਸਲਾਮੀ ਜੋੜੀਦਾਰ ਰਹੇ ਚੌਹਾਨ ਦੇ ਕੋਵਿਡ-19 ਪਾਜ਼ੇਟਿਵ ਹੋਣ ਮਗਰੋਂ 12 ਜੁਲਾਈ ਨੂੰ ਲਖਨਊ ਦੇ ਸੰਜੇ ਗਾਂਧੀ ਪੀਜੀਆਈ ਵਿਚ ਦਾਖ਼ਲ ਕਰਾਇਆ ਗਿਆ ਸੀ। ਕਿਡਨੀ ਸਬੰਧੀ ਬੀਮਾਰੀਆਂ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਹਸਪਤਾਲ ਵਿਚ ਸ਼ਿਫ਼ਟ ਕਰਨਾ ਪਿਆ।
ਸ਼ੁਕਰਵਾਰ ਰਾਤ ਨੂੰ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿਤਾ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ। ਕ੍ਰਿਕਟ ਤੋਂ ਸੇਵਾਮੁਕਤੀ ਮਗਰੋਂ ਚੌਹਾਨ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ ਵਿਚ ਕਈ ਅਹੁਦਿਆਂ 'ਤੇ ਰਹੇ। ਉਹ 2001 ਵਿਚ ਆਸਟਰੇਲੀਆਈ ਦੌਰੇ 'ਤੇ ਭਾਰਤੀ ਟੀਮ ਦੇ ਮੈਨੇਜਰ ਵੀ ਰਹੇ। ਉਹ ਯੂਪੀ ਦੇ ਅਮਰੋਹਾ ਤੋਂ 1991 ਅਤੇ 1998 ਵਿਚ ਦੋ ਵਾਰ ਲੋਕ ਸਭਾ ਲਈ ਚੁਣੇ ਗਏ ਅਤੇ 1981 ਵਿਚ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਹ ਯੂਪੀ ਦੇ ਦੂਜੇ ਮੰਤਰੀ ਹਨ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ। ਦੋ ਅਗੱਸਤ ਨੂੰ ਰਾਜ ਦੀ ਤਕਨੀਕੀ ਸਿਖਿਆ ਮੰਤਰੀ ਕਮਲਾ ਰਾਣੀ ਵਰੁਣ ਦਾ ਵੀ ਕੋਵਿਡ ਪਾਜ਼ੇਟਿਵ ਨਿਕਲਣ ਦੇ ਕੁੱਝ ਦਿਨਾਂ ਮਗਰੋਂ ਦਿਹਾਂਤ ਹੋ ਗਿਆ ਸੀ। (ਏਜੰਸੀ)
12 ਸਾਲ ਲੰਮੇ ਕਰੀਅਰ ਦੌਰਾਨ 40 ਟੈਸਟ ਖੇਡੇ
ਚੇਤਨ ਚੌਹਾਨ ਨੇ 12 ਸਾਲ ਦੇ ਲੰਮੇ ਕ੍ਰਿਕਟ ਕਰੀਅਰ ਦੌਰਾਨ 40 ਟੈਸਟ ਖੇਡੇ ਜਿਨ੍ਹਾਂ ਵਿਚੋਂ ਉਨ੍ਹਾਂ 16 ਅਰਧ ਸੈਂਕੜੇ ਲਾਉਂਦਿਆਂ 2084 ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਮ ਦੋ ਵਿਕੇਟ ਵੀ ਸਨ। ਉਹ ਅੰਤਰਰਾਸ਼ਟਰੀ ਪੱਧਰ 'ਤੇ ਸੈਂਕੜਾ ਨਹੀਂ ਲਾ ਸਕੇ ਅਤੇ ਉਨ੍ਹਾਂ ਦਾ ਵੱਧ ਤੋਂ ਵੱਧ ਸਕੋਰ 97 ਰਨਾਂ ਦਾ ਰਿਹਾ। ਗਾਵਸਕਰ ਨਾਲ ਉਨ੍ਹਾਂ ਭਾਰਤ ਲਈ ਮਜ਼ਬੂਤ ਸਲਾਮੀ ਜੋੜੀ ਬਣਾਈ ਅਤੇ ਇਨ੍ਹਾਂ ਦੋਹਾਂ ਨੇ ਮਿਲ ਕੇ 3000 ਤੋਂ ਵੱਧ ਰਨ ਜੋੜੇ। ਚੌਹਾਨ ਨੇ 22 ਸਾਲ ਦੀ ਉਮਰ ਵਿਚ ਕ੍ਰਿਕਟ ਦਾ ਕਰੀਅਰ ਸ਼ੁਰੂ ਕੀਤਾ ਸੀ। ਸਲਾਮੀ ਬੱਲੇਬਾਜ਼ ਵਜੋਂ ਉਨ੍ਹਾਂ ਦੇ ਕਰੀਅਰ ਦੇ ਯਾਦਗਾਰ ਪਲਾਂ ਵਿਚੋਂ ਇਕ ਗਾਵਸਕਰ ਨਾਲ 1979 ਵਿਚ ਇੰਗਲੈਂਡ ਵਿਰੁਧ ਦ ਓਵਲ ਵਿਚ 213 ਦੌੜਾਂ ਦੀ ਭਾਈਵਾਲੀ ਸੀ ਜਿਨ੍ਹਾਂ ਵਿਚੋਂ ਉਨ੍ਹਾਂ 80 ਰਨ ਬਣਾਏ ਸਨ। (ਏਜੰਸੀ)