
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਉਤੇ ਗ਼ਰੀਬ ਹਟਾਉਣ ਪ੍ਰਤੀ ਗੰਭੀਰ ਨਾ ਹੋਣ ਅਤੇ 'ਇਕ ਖ਼ਾਸ ਪ੍ਰਵਾਰ ਦੇ ਨਾਂ'......
ਸ਼ਿਰਡੀ (ਮਹਾਰਾਸ਼ਟਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਉਤੇ ਗ਼ਰੀਬ ਹਟਾਉਣ ਪ੍ਰਤੀ ਗੰਭੀਰ ਨਾ ਹੋਣ ਅਤੇ 'ਇਕ ਖ਼ਾਸ ਪ੍ਰਵਾਰ ਦੇ ਨਾਂ' ਨੂੰ ਹੀ ਮਸ਼ਹੂਰ ਕਰਨ ਲਈ ਕੰਮ ਕਰਨ ਦਾ ਦੋਸ਼ ਲਾਇਆ। ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ 'ਚ ਸਾਈਂਬਾਬਾ ਮੰਦਰ 'ਚ ਪੂਜਾ ਮਗਰੋਂ ਮੰਦਰ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸਰਬਸਮਾਵੇਸ਼ੀ ਵਿਕਾਸ ਲਈ ਵੰਡਪਾਊ ਤਾਕਤਾਂ ਨੂੰ ਹਰਾਉਣ ਦੀ ਜ਼ਰੂਰਤ ਹੈ।
ਉਨ੍ਹਾਂ ਪਿਛਲੀ ਅਤੇ ਮੌਜੂਦਾ ਸਰਕਾਰ ਵਿਚਕਾਰ ਫ਼ਰਕ ਇਹ ਕਹਿ ਕੇ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਕਿ ਮੌਜੂਦਾ ਐਨ.ਡੀ.ਏ. ਸਰਕਾਰ ਵਿਕਾਸ ਅਤੇ ਭਲਾਈ ਵਾਲੀਆ ਯੋਜਨਾਵਾਂ ਉਤੇ 'ਤੇਜ਼ੀ' ਨਾਲ ਕੰਮ ਕਰ ਰਹੀ ਹੈ। ਮੋਦੀ ਨੇ ਕਿਹ, ''ਪਿਛਲੀ ਯੂ.ਪੀ.ਏ. ਸਰਕਾਰ ਨੇ ਅਪਣੇ ਆਖ਼ਰੀ ਚਾਰ ਸਾਲਾਂ 'ਚ ਗ਼ਰੀਬਾਂ ਲਈ ਸਿਰਫ਼ 25 ਲੱਖ ਮਕਾਨ ਬਣਾਏ, ਜਦਕਿ ਮੌਜੂਦਾ ਐਨ.ਡੀ.ਏ. ਸਰਕਾਰ ਨੇ ਅਪਣੇ ਚਾਰ ਸਾਲਾਂ 'ਚ 1.25 ਕਰੋੜ ਮਕਾਨ ਬਣਾਏ ਹਨ।''
ਉਨ੍ਹਾਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਮਹਾਰਾਸ਼ਟਰ ਦੇ ਵੱਖੋ-ਵੱਖ ਹਿੱਸਿਆਂ ਦੇ ਪੀ.ਐਮ.ਏ.ਵਾਈ. ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ 'ਚੋਂ ਕੁੱਝ ਨੂੰ ਮਕਾਨਾਂ ਦੀਆਂ ਪ੍ਰਤੀਕਾਤਮਕ ਚਾਬੀਆਂ ਸੌਂਪੀਆਂ। ਮੋਦੀ ਨੇ ਕਿਹਾ, ''ਪਿਛਲੇ ਚਾਰ ਸਾਲਾਂ 'ਚ ਸਰਕਾਰ ਨੇ ਝੁੱਗੀਆਂ 'ਚ ਰਹਿਣ ਵਾਲੇ ਗ਼ਰੀਬਾਂ ਨੂੰ ਰਿਹਾਇਸ਼ ਮੁਹਈਆ ਕਰਵਾਉਣ ਲਈ ਗੰਭੀਰ ਕੋਸ਼ਿਸ਼ਾਂ ਕੀਤੀਆਂ ਹਨ।'' ਪੀ.ਐਮ.ਏ.ਵਾਈ. ਯੋਜਨਾ ਹੇਠ 40 ਹਜ਼ਾਰ ਲਾਭਪਾਤਰੀਆਂ ਦਾ ਗ੍ਰਹਿ-ਪ੍ਰਵੇਸ਼ ਹੋਇਆ।
ਇਸ ਪ੍ਰੋਗਰਾਮ ਤੋਂ ਪਹਿਲਾਂ ਮੋਦੀ ਨੇ ਸਾਈਂਬਾਬਾ ਮੰਦਰ 'ਚ ਪ੍ਰਾਰਥਨਾ ਕੀਤੀ ਅਤੇ ਸ੍ਰੀ ਸਾਈਂ ਬਾਬਾ ਸੰਸਥਾਨ ਨਿਆਸ ਦੇ ਸਾਲ ਭਰ ਤੋਂ ਚਲ ਰਹੇ ਮਹਾਂਸਮਾਧੀ ਸਦੀ ਪ੍ਰੋਗਰਾਮਾਂ ਦੇ ਸਮਾਪਤੀ ਪ੍ਰੋਗਰਾਮ 'ਚ ਹਿੱਸਾ ਲਿਆ। ਸ਼ਰਧਾਲੂਆਂ ਅਨੁਸਾਰ ਸਾਈਂਬਾਬਾ ਨੇ 1918 'ਚ ਦੁਸ਼ਹਿਰੇ ਵਾਲੇ ਦਿਨ ਹੀ ਮਹਾਂਸਮਾਧੀ ਲਈ ਸੀ। (ਪੀਟੀਆਈ)