
ਪ੍ਰਸ਼ਾਸਨ ਦਾ ਸ਼ਰਮਨਾਕ ਕਾਰਾ
ਫ਼ਿਰੋਜ਼ਾਬਾਦ : ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਹੈਡ ਕਾਂਸਟੇਬਲ ਵਿਜੇ ਭਾਨ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਫ਼ਿਰੋਜ਼ਾਬਾਦ ਦੇ ਮੱਖਨਪੁਰ ਥਾਣਾ ਖੇਤਰ ਸਥਿਤ ਚਮਰੌਲੀ 'ਚ ਸਨਿਚਰਵਾਰ ਨੂੰ ਅੰਤਮ ਸਸਕਾਰ ਕੀਤਾ ਗਿਆ। ਸ਼ਹੀਦ ਦੇ ਅੰਤਮ ਸਸਕਾਰ ਦੌਰਾਨ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ। ਦੇਸ਼ ਲਈ ਜਾਨ ਦੇਣ ਵਾਲੇ ਸ਼ਹੀਦ ਜਵਾਨ ਦੇ ਅੰਤਮ ਸਸਕਾਰ ਦੌਰਾਨ ਉਥੇ ਹਨੇਰਾ ਸੀ। ਅੰਤਮ ਸਸਕਾਰ ਕਰਨ ਵਾਲੀ ਥਾਂ 'ਤੇ ਰਾਤ ਨੂੰ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀ। ਅਜਿਹੇ 'ਚ ਮੋਬਾਈਲ ਦੀ ਰੌਸ਼ਨੀ 'ਚ ਸ਼ਹੀਦ ਦੀ ਚਿਖਾ ਨੂੰ ਅੱਗ ਵਿਖਾਈ ਗਈ।
BSF soldier cremated in mobile light
ਬੀ.ਐਸ.ਐਫ਼. ਜਵਾਨ ਵਿਜੇ ਭਾਨ ਸਿੰਘ ਦੀ ਲਾਸ਼ ਸਨਿਚਰਵਾਰ ਸ਼ਾਮ ਉਨ੍ਹਾਂ ਦੇ ਪਿੰਡ ਆਈ ਸੀ। ਇਸ ਦੌਰਾਨ ਪਰਵਾਰ ਅਤੇ ਬਾਕੀ ਪਿੰਡ ਵਾਸੀਆਂ ਨੇ ਸ਼ਹੀਦ ਦੇ ਪਰਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ, ਅਤੇ ਸ਼ਹੀਦ ਦਾ ਸਮਾਰਕ ਬਣਾਉਣ ਦੀਆਂ ਮੰਗਾਂ ਪੂਰੀਆਂ ਨਾ ਹੋਣ ਤਕ ਅੰਤਮ ਸਸਕਾਰ ਨਾ ਕਰਨ ਦਾ ਐਲਾਨ ਕਰ ਦਿੱਤਾ। ਮੌਕੇ 'ਤੇ ਮੌਜੂਦ ਜ਼ਿਲ੍ਹਾ ਅਧਿਕਾਰੀ ਚੰਦਰ ਵਿਜੇ ਸਿੰਘ ਅਤੇ ਸੀਨੀਅਰ ਪੁਲਿਸ ਮੁਖੀ ਸ਼ਚਿੰਦਰ ਪਟੇਲ ਨੇ ਅਧਿਕਾਰੀਆਂ ਨਾਲ ਗੱਲ ਕਰ ਕੇ ਪਰਵਾਰ ਦੀਆਂ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦਿੱਤਾ। ਲਗਭਗ ਡੇਢ ਘੰਟੇ ਬਾਅਦ ਅੰਤਮ ਸਸਕਾਰ ਕੀਤਾ ਗਿਆ।
BSF soldier cremated in mobile light
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪੱਛਮ ਬੰਗਾਲ 'ਚ ਕੌਮਾਂਤਰੀ ਸਰਹੱਦ ਵਿਵਾਦ ਸੁਲਝਾਉਣ ਗਏ ਬੀ.ਐਸ.ਐਫ਼. ਦੇ ਗਸ਼ਤੀ ਦਲ 'ਤੇ ਸਰਹੱਦ ਪਾਰ ਤੋਂ ਕੀਤੀ ਗਈ ਗੋਲੀਬਾਰੀ 'ਚ ਵਿਜੇ ਭਾਨ ਸਿੰਘ ਸ਼ਹੀਦ ਹੋ ਗਏ ਸਨ। ਮੁੱਖ ਮੰਤਰੀ ਨੇ ਸ਼ਹੀਦ ਦੀ ਪਤਨੀ ਨੂੰ 20 ਲੱਖ ਰੁਪਏ ਅਤੇ ਉਸ ਦੀ ਮਾਂ ਨੂੰ 5 ਲੱਖ ਰੁਪਏ ਦੀ ਵਿੱਤੀ ਮਦਦ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।