
ਨੋਟਿਸ ਦੇਣ ਆਏ ਅਧਿਕਾਰੀ ਵੀ ਮਜ਼ਦੂਰ ਦੀ ਆਰਥਿਕ ਹਾਲਤ ਦੇਖ ਹੈਰਾਨ ਰਹਿ ਗਏ
ਪਟਨਾ - ਇਨਕਮ ਟੈਕਸ ਵਿਭਾਗ ਨੇ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿੱਚ ਰਹਿਣ ਵਾਲੇ ਇੱਕ ਦਿਹਾੜੀਦਾਰ ਮਜ਼ਦੂਰ ਨੂੰ ਨੋਟਿਸ ਦੇ ਕੇ ਰਿਟਰਨ ਵਜੋਂ 14 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਿਭਾਗ ਦੀ ਟੀਮ ਕਾਰਗਹਿਰ ਪਿੰਡ ਦੇ ਰਹਿਣ ਵਾਲੇ ਮਨੋਜ ਯਾਦਵ ਦੇ ਘਰ ਪਹੁੰਚੀ, ਅਤੇ ਉਸ ਨੂੰ 14 ਕਰੋੜ ਰੁਪਏ ਆਮਦਨ ਕਰ ਵਜੋਂ ਭੁਗਤਾਨ ਕਰਨ ਲਈ ਨੋਟਿਸ ਸੌਂਪਿਆ।
ਅਧਿਕਾਰੀਆਂ ਅਨੁਸਾਰ ਉਸ ਦੇ ਬੈਂਕ ਰਿਕਾਰਡਾਂ 'ਚ ਕਰੋੜਾਂ ਰੁਪਏ ਦਾ ਲੈਣ-ਦੇਣ ਦਿਖਾਇਆ ਗਿਆ ਹੈ, ਜਿਸ ਕਾਰਨ ਉਹ ਆਮਦਨ ਕਰ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੈ।
ਨੋਟਿਸ ਮਿਲਣ ਤੋਂ ਬਾਅਦ ਯਾਦਵ ਤੇ ਉਸ ਦੇ ਪਰਿਵਾਰ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ। ਯਾਦਵ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਹੈ ਅਤੇ ਆਪਣੀ ਸਾਰੀ ਜਾਇਦਾਦ ਕਈ ਵਾਰ ਵੇਚ ਕੇ ਵੀ ਉਕਤ ਰਕਮ ਦਾ ਭੁਗਤਾਨ ਨਹੀਂ ਕਰ ਸਕੇਗਾ।
ਯਾਦਵ ਨੇ ਜਾਣਕਾਰੀ ਦਿੱਤੀ ਕਿ ਉਹ ਦਿੱਲੀ, ਹਰਿਆਣਾ ਅਤੇ ਪੰਜਾਬ ਸਮੇਤ ਵੱਖ-ਵੱਖ ਥਾਵਾਂ 'ਤੇ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰ ਚੁੱਕਿਆ ਹੈ, ਪਰ 2020 ਵਿੱਚ ਕੋਰੋਨਾ ਮਹਾਮਾਰੀ ਦੌਰਾਨ ਲਾਕਡਾਊਨ ਤੋਂ ਬਾਅਦ ਉਹ ਬਿਹਾਰ ਵਿੱਚ ਆਪਣੇ ਘਰ ਪਰਤ ਗਿਆ।
ਯਾਦਵ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ 'ਚ ਨੌਕਰੀ ਕਰਦੇ ਸਮੇਂ, ਉਨ੍ਹਾਂ ਨੇ ਉਸ ਦੇ ਆਧਾਰ ਅਤੇ ਪੈਨ ਕਾਰਡਾਂ ਦੀਆਂ ਕਾਪੀਆਂ ਲੈ ਲਈਆਂ ਸਨ। ਉਸ ਨੇ ਉਨ੍ਹਾਂ 'ਤੇ ਆਪਣੇ ਨਾਂਅ 'ਤੇ ਜਾਅਲੀ ਬੈਂਕ ਖਾਤੇ ਖੋਲ੍ਹਣ ਅਤੇ ਆਮਦਨ ਕਰ ਤੋਂ ਬਚਣ ਲਈ ਲੈਣ-ਦੇਣ ਕਰਨ ਲਈ ਉਸ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ।
ਯਾਦਵ ਨੂੰ ਨੋਟਿਸ ਦੇਣ ਲਈ ਉਸ ਦੇ ਘਰ ਆਏ ਟੈਕਸ ਅਧਿਕਾਰੀ ਵੀ ਪਰਿਵਾਰ ਦੀ ਆਰਥਿਕ ਹਾਲਤ ਦੇਖ ਕੇ ਹੈਰਾਨ ਰਹਿ ਗਏ।
ਸਾਸਾਰਾਮ ਦੇ ਇਨਕਮ ਟੈਕਸ ਅਫ਼ਸਰ (ਆਈ.ਟੀ.ਓ.) ਸੱਤਿਆ ਭੂਸ਼ਣ ਪ੍ਰਸਾਦ ਨੇ ਕਿਹਾ ਕਿ ਆਈ.ਟੀ. ਨੋਟਿਸ ਹੈੱਡਕੁਆਰਟਰ ਤੋਂ ਭੇਜਿਆ ਗਿਆ ਸੀ।
ਇਸ ਦੌਰਾਨ ਸਥਾਨਕ ਲੋਕਾਂ ਮੁਤਾਬਕ ਸੋਮਵਾਰ ਦੇਰ ਸ਼ਾਮ ਨੂੰ ਯਾਦਵ ਆਪਣੇ ਪਰਿਵਾਰ ਸਮੇਤ ਆਪਣੇ ਘਰ ਨੂੰ ਤਾਲਾ ਲਗਾ ਕੇ ਕਿਸੇ ਅਣਪਛਾਤੀ ਥਾਂ 'ਤੇ ਚਲਾ ਗਿਆ।