
ਨਵੀਂ ਦਿੱਲੀ, 30 ਸਤੰਬਰ :
ਦਸਹਿਰੇ ਮੌਕੇ ਲਾਲ ਕਿਲ੍ਹਾ ਮੈਦਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ
ਦਸਹਿਰੇ ਮੌਕੇ ਸਾਰਿਆਂ ਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ 2022 ਤਕ ਦੇਸ਼ ਲਈ ਕੁੱਝ ਨਾ
ਕੁੱਝ ਕਰਨਾ ਹੈ। ਉਨ੍ਹਾਂ ਕਿਹਾ ਕਿ 2022 ਵਿਚ ਆਜ਼ਾਦੀ ਦੇ 75 ਸਾਲ ਪੂਰੇ ਹੋਣਗੇ। ਮੋਦੀ
ਨੇ ਕਿਹਾ ਕਿ ਸਮਾਜ ਅਤੇ ਜੀਵਨ ਵਿਚ ਮੌਜੂਦ ਰਾਵਣ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦਾ
ਹੈ। ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਦਾ ਮਕਸਦ ਸਮਾਜ ਵਿਚ ਫੈਲੀਆਂ ਅਲਾਮਤਾਂ ਨੂੰ
ਮਿਟਾਉਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, 'ਸਾਡੇ ਸਾਰੇ ਉਤਸਵ ਖੇਤਾਂ ਨਾਲ ਜੁੜੇ ਹੋਏ ਹਨ।
ਸਾਡੇ ਸਾਰੇ ਤਿਉਹਾਰ ਸਭਿਆਚਾਰਕ ਰਵਾਇਤਾਂ ਨਾਲ ਜੁੜੇ ਹੋਏ ਹਨ।' ਲਾਲ ਕਿਲ੍ਹਾ ਮੈਦਾਨ
ਵਿਚ ਰਾਵਣ ਨੂੰ ਫੂਕੇ ਜਾਣ ਦੇ ਸਮਾਗਮ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ
ਵੈਂਕਈਆ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਪਹੁੰਚੇ ਹੋਏ ਸਨ। ਮੋਦੀ
ਤੇ ਹੋਰ ਸਾਰਿਆਂ ਨੇ ਪਹਿਲਾਂ ਪੂਜਾ ਕੀਤੀ ਅਤੇ ਬਾਅਦ ਵਿਚ ਮੰਚ 'ਤੇ ਬੈਠ ਕੇ ਰਾਵਣ,
ਮੇਘਨਾਥ, ਕੁੰਭਕਰਨ ਨੂੰ ਫੂਕੇ ਜਾਣ ਦਾ ਦ੍ਰਿਸ਼ ਵੇਖਿਆ। ਮੋਦੀ ਨੇ ਕਿਹਾ ਕਿ ਉਤਸਵ ਨੂੰ
ਮਨੋਰੰਜਨ ਨਹੀਂ, ਮਕਸਦ ਬਣਾਉਣਾ ਚਾਹੀਦਾ ਹੈ। ਅੱਜ ਸਾਰੇ ਦੇਸ਼ ਵਿਚ ਬਦੀ ਉਤੇ ਨੇਕੀ ਦੇ
ਪ੍ਰਤੀਕ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਹਰ ਛੋਟੇ ਵੱਡੇ ਸ਼ਹਿਰ ਵਿਚ ਰਾਵਣ, ਮੇਘਨਾਥ,
ਕੁੰਭਕਰਨ ਦੇ ਪੁਤਲੇ ਫੂਕੇ ਗਏ। (ਏਜੰਸੀ)