
ਨਵੀਂ ਦਿੱਲੀ, 2 ਅਕਤੂਬਰ: ਡਿਜੀਟਲੀਕਰਨ, ਅਨੁਕੂਲ ਜਨਸੰਖਿਆ, ਵਿਸ਼ਵੀਕਰਨ ਅਤੇ ਸੁਧਾਰਾਂ ਦੇ ਚਲਦਿਆਂ ਆਉਣ ਵਾਲੇ ਦਹਾਕੇ 'ਚ ਭਾਰਤ ਦੁਨੀਆ ਦੀ ਸੱਭ ਤੋਂ ਵੱਡੀ ਤੇਜ਼ੀ ਨਾਲ ਵਧਦੀ ਅਰਥ ਵਿਵਸਥਾ ਹੋਵੇਗਾ। ਵਿਸ਼ਵ ਵਿੱਤੀ ਸੇਵਾ ਕੰਪਨੀ ਮਾਰਗਨ ਸਟੇਨਲੀ ਨੇ ਇਹ ਸੰਭਾਵਨਾ ਜਤਾਈ ਹੈ।
ਮਾਰਗਨ ਸਟੇਨਲੀ ਦੇ ਇਕ ਨੋਟ ਅਨੁਸਾਰ ਭਾਰਤ ਦੇ ਸਾਲਾਨਾ ਸਫ਼ਲ ਘਰੇਲੂ ਉਤਪਾਦ (ਜੀ.ਡੀ.ਪੀ.) ਵਾਧੇ ਦਾ ਰੁਖ਼ ਲਗਾਤਾਰ ਅੱਗੇ ਵਧਣ ਵਾਲਾ ਰਿਹਾ ਹੈ। 1990 ਦੇ ਦਹਾਕੇ 'ਚ ਇਹ 5.8 ਫ਼ੀ ਸਦੀ ਰਿਹਾ, ਜੋ 2000 ਦੇ ਦਹਾਕੇ 'ਚ ਵਧ ਕੇ 6.9 ਫ਼ ਸਦੀ ਹੋ ਗਿਆ। ਇਸੇ ਤਰ੍ਹਾਂ ਅਗਲੇ ਦਹਾਕੇ 'ਚ ਵੀ ਇਸ ਦੇ ਬੇਹਤਰ ਰਹਿਣ ਦੀ ਸੰਭਾਵਨਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਚਾਲੂ ਵਿੱਤ ਸਾਲ ਦੀ ਪਹਿਲੀ ਤਿਮਾਹੀ 'ਚ ਭਾਰਤ ਦੀ ਜੀ.ਡੀ.ਪੀ. ਵਾਧਾ ਦਰ ਤਿੰਨ ਸਾਲ ਦੇ ਨਿਚਲੇ ਪੱਧਰ 'ਤੇ ਆ ਕੇ 5.7 ਫ਼ੀ ਸਦੀ ਰਹੀ ਹੈ। ਇਸ ਪਿੱਛੇ ਅਹਿਮ ਕਾਰਨ ਨੋਟਬੰਦੀ ਕਾਰਨ ਮੁੜ-ਨਿਰਮਾਣ ਗਤੀਵਿਧੀਆਂ ਦਾ ਦਬਾਅ 'ਚ ਰਹਿਣਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸੁਧਾਰਾਂ ਕਾਰਨ ਪਿਛਲਾ ਸਾਲ ਭਾਰਤ ਦੀ ਜੀ.ਡੀ.ਪੀ. ਵਾਧੇ ਲਈ ਠਹਿਰਾਅ ਵਾਲਾ ਰਿਹਾ ਹੈ ਪਰ ਵਿਚਕਾਰਲੀ ਮਿਆਦ 'ਚ ਦੇਸ਼ ਦੀਆਂ ਵਾਧਾ ਸੰਭਾਵਨਾਵਾਂ ਚੰਗੀਆਂ ਹਨ।
ਕੰਪਨੀ ਨੇ ਅਪਣੇ ਨੋਟ 'ਚ ਕਿਹਾ ਕਿ ਸਾਡੇ ਅਨੁਮਾਨ ਮੁਤਾਬਕ ਆਉੁਣ ਵਾਲੇ ਦਹਾਕੇ 'ਚ ਭਾਰਤ ਦੀ ਸਾਲਾਨਾ ਜੀ.ਡੀ.ਪੀ. ਵਾਧਾ ਦਰ 7.1 ਫ਼ੀ ਸਦੀ ਤੋਂ 11.2 ਫ਼ੀ ਸਦੀ ਦਰਮਿਆਨ ਰਹੇਗੀ। ਇਸੇ ਤਰ੍ਹਾ 2026-27 ਤਕ ਭਾਰਤ 'ਚ 120 ਅਰਬ ਡਾਲਰ ਸਫ਼ਲ ਪ੍ਰਤੱਖ ਵਿਦੇਸ਼ੀ ਨਿਵੇਸ਼ ਆਉਣ ਦੀ ਉਮੀਦ ਹੈ।