
ਅਯੋਧਿਆ ਵਿਚ ਰਾਮ ਮੰਦਰ ਤੋੜ ਕੇ ਬਾਬਰੀ ਮਸਜਿਦ ਬਣਾਈ ਗਈ ਸੀ। ਸ਼ਰੀਅਤ ਇਜਾਜ਼ਤ ਨਹੀਂ ਦਿੰਦਾ ਕਿ ਮੰਦਰ ਤੋੜ ਕੇ ਮਸਜਿਦ ਬਣਾਈ ਜਾਵੇ।
ਲਖਨਊ, 22 ਅਗੱਸਤ : ਅਯੋਧਿਆ ਵਿਚ ਰਾਮ ਮੰਦਰ ਤੋੜ ਕੇ ਬਾਬਰੀ ਮਸਜਿਦ ਬਣਾਈ ਗਈ ਸੀ। ਸ਼ਰੀਅਤ ਇਜਾਜ਼ਤ ਨਹੀਂ ਦਿੰਦਾ ਕਿ ਮੰਦਰ ਤੋੜ ਕੇ ਮਸਜਿਦ ਬਣਾਈ ਜਾਵੇ। ਅਸੀਂ ਵਿਵਾਦਤ ਥਾਂ ਤੋਂ ਵੱਖ ਜ਼ਮੀਨ ਮੰਗੀ ਹੈ ਤਾਕਿ ਉਥੇ ਮਸਜਿਦ ਬਣਾਈ ਜਾ ਸਕੇ।
ਇਹ ਗੱਲ ਸ਼ੀਆ ਸੈਂਟਰਲ ਵਕਫ਼ ਬੋਰਡ ਦੇ ਪ੍ਰਧਾਨ ਵਸੀਮ ਰਿਜ਼ਵੀ ਨੇ ਕਹੀ। ਉਨ੍ਹਾਂ ਪ੍ਰੈਸ ਕਾਨਫ਼ਰੰਸ ਵਿਚ ਕਿਹਾ, 'ਅਸੀਂ ਮੰਨਦੇ ਹਾਂ ਕਿ ਉਥੇ ਮੰਦਰ ਸੀ, ਉਸ ਨੂੰ ਤੋੜ ਕੇ ਮਸਜਿਦ ਬਦਾਈ ਗਈ। ਪੁਰਾਤਤਵ ਵਿਭਾਗ ਨੇ ਅਪਣੀ ਰੀਪੋਰਟ ਇਹੋ ਕਿਹਾ ਹੈ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਦੇ ਨਿਯਮਾਂ ਅਨੁਸਾਰ ਮਸਜਿਦ ਦੀ ਜ਼ਮੀਨ ਕਿਸੇ ਹੋਰ ਨੂੰ ਟਰਾਂਸਫ਼ਰ ਨਹੀਂ ਕੀਤੀ ਜਾ ਸਕਦੀ। ਇਸ ਸਮੇਂ ਉਥੇ ਮਸਜਿਦ ਨਹੀਂ ਹੈ। ਉਸ ਥਾਂ 'ਤੇ ਰਾਮ ਦੀ ਮੂਰਤੀ ਸਥਾਪਤ ਹੈ। ਉਥੇ ਪੂਜਾ ਪਾਠ ਵੀ ਹੋ ਰਿਹਾ ਹੈ। ਉਥੇ ਮੂਰਤੀ ਸਥਾਪਤ ਹੋ ਗਈ ਤਾਂ ਉਸ ਜਗ੍ਹਾ 'ਤੇ ਹੁਣ ਮਸਜਿਦ ਕਿਵੇਂ ਹੋ ਸਕਦੀ ਹੈ।
ਵਸੀਮ ਨੇ ਕਿਹਾ, 'ਮੁਗ਼ਲਾਂ ਨੇ ਉਥੇ ਜਬਰਨ ਮਸਜਿਦ ਬਣਾਈ ਸੀ। ਮੀਰ ਬਾਕੀ ਨੇ ਬਲ ਪ੍ਰਯੋਗ ਕਰ ਕੇ ਮਸਜਿਦ ਬਣਾਈ ਅਤੇ ਬਾਬਰ ਦਾ ਨਾਮ ਦੇ ਦਿਤਾ। ਉਨ੍ਹਾਂ ਕਿਹਾ ਕਿ ਅਸੀਂ ਨਵੀਂ ਜ਼ਮੀਨ 'ਤੇ ਜਿਹੜੀ ਮਸਜਿਦ ਬਣਾਵਾਂਗੇ, ਉਸ ਨੂੰ ਮਸਜਿਦ-ਏ-ਅਮਨ ਦਾ ਨਾਮ ਦਿਤਾ ਜਾਵੇਗਾ। (ਏਜੰਸੀ)