
ਖਨਨ ਮਾਫ਼ੀਆ 'ਤੇ ਗੋਲੀ ਮਾਰਨ ਦਾ ਦੋਸ਼ ਲਗਾਇਆ
ਲਖਨਉ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ 'ਚ ਹੋਲੀ ਮੌਕੇ ਭਾਜਪਾ ਦੇ ਇਕ ਵਿਧਾਇਕ ਨੂੰ ਗੋਲੀ ਮਾਰ ਦਿੱਤੀ ਗਈ। ਇਸ ਘਟਨਾ ਮਗਰੋਂ ਪੂਰੇ ਇਲਾਕੇ 'ਚ ਤਰਥੱਲੀ ਮੱਚ ਗਈ। ਗੋਲੀ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਪੈਰ 'ਚ ਲੱਗੀ। ਉਨ੍ਹਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਆਗੂ ਯੋਗੇਸ਼ ਵਰਮਾ ਲਖੀਮਪੁਰ ਸਦਰ ਸੀਟ ਤੋਂ ਵਿਧਾਇਕ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਯੋਗੇਸ਼ ਵਰਮਾ ਹੋਲੀ ਮੌਕੇ ਲੋਕਾਂ ਨੂੰ ਮਿਲ ਰਹੇ ਸਨ। ਉਸੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਉਨ੍ਹਾਂ ਦੇ ਪੈਰ 'ਚ ਲੱਗੀ। ਪਰਿਵਾਰ ਅਤੇ ਸਮਰਥਕਾਂ ਨੇ ਉਨ੍ਹਾਂ ਨੂੰ ਲਖੀਮਪੁਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ।
ਜ਼ਖ਼ਮੀ ਵਿਧਾਇਕ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਉਂਦਿਆਂ ਖਨਨ ਮਾਫ਼ੀਆ 'ਤੇ ਗੋਲੀ ਮਾਰਨ ਦਾ ਦੋਸ਼ ਲਗਾਇਆ ਹੈ। ਭਾਜਪਾ ਵਿਧਾਇਕ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਮਿਲਦਿਆਂ ਹੀ ਜ਼ਿਲ੍ਹਾ ਡੀ.ਐਮ. ਅਤੇ ਐਸ.ਪੀ. ਭਾਰੀ ਪੁਲਿਸ ਬਲ ਲੈ ਕੇ ਮੌਕੇ 'ਤੇ ਪੁੱਜੇ। ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਹਾਲੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।