
ਕੋਰੋਨਾ ਬੀਮਾਰੀ ਬਾਰੇ ਆਮ ਲੋਕਾਂ ਦਾ ਹੌਸਲਾ ਬੁਲੰਦ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਰਾਸ਼ਟਰ ਨੂੰ ਸੰਬੋਧਨ ਕੀਤਾ
ਕੋਰੋਨਾ ਬੀਮਾਰੀ ਬਾਰੇ ਆਮ ਲੋਕਾਂ ਦਾ ਹੌਸਲਾ ਬੁਲੰਦ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਰਾਸ਼ਟਰ ਨੂੰ ਸੰਬੋਧਨ ਕੀਤਾ। ਉਸ ਦਿਨ ਸਿਰਫ਼ ਸਾਡੇ ਪ੍ਰਧਾਨ ਮੰਤਰੀ ਹੀ ਨਹੀਂ ਬਲਕਿ ਦੁਨੀਆਂ ਦੇ ਇਕ ਹੋਰ ਵੱਡੇ ਆਗੂ ਵੀ ਅਪਣੇ ਨਾਗਰਿਕਾਂ ਦਾ ਉਤਸ਼ਾਹ ਵਧਾਉਣ ਲਈ ਉਨ੍ਹਾਂ ਦੇ ਰੂਬਰੂ ਹੋਏ। ਦੋਹਾਂ ਦੇ 'ਉਤਸ਼ਾਹ ਵਧਾਊ ਪ੍ਰਵਚਨਾਂ' ਨੂੰ ਇਕੱਠਿਆਂ ਰੱਖ ਕੇ ਪੜ੍ਹਨਾ ਬੜੀ ਦਿਲਚਸਪ ਜਾਣਕਾਰੀ ਦੇਵੇਗਾ। ਇਕ ਪਾਸੇ ਹਨ ਸਾਡੇ ਦੇਸ਼ ਦੇ ਚੌਕੀਦਾਰ ਅਰਥਾਤ ਪ੍ਰਧਾਨ ਮੰਤਰੀ ਮੋਦੀ ਅਤੇ ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ। ਮੋਦੀ ਅਤੇ ਟਰੂਡੋ ਪਿਛਲੇ ਸਾਲ ਹੀ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਹਨ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਥੇ ਵੱਡੇ ਬਹੁਮਤ ਨਾਲ ਜਿੱਤੇ, ਉਥੇ ਟਰੂਡੋ ਮਸਾਂ ਹੀ ਪ੍ਰਧਾਨ ਮੰਤਰੀ ਬਣ ਸਕੇ। ਦੋਵੇਂ ਚਾਹੁੰਦੇ ਹਨ ਕਿ ਉਨ੍ਹਾਂ ਦੇ ਦੇਸ਼ ਨੂੰ ਕੋਰੋਨਾ ਤੋਂ ਨਿਜਾਤ ਮਿਲ ਜਾਏ ਪਰ ਦੋਹਾਂ ਦੀ ਪਹੁੰਚ ਵਿਚ ਓਨਾ ਹੀ ਫ਼ਰਕ ਹੈ ਜਿੰਨਾ ਕਿ ਉਨ੍ਹਾਂ ਦੀ ਜਿੱਤ ਵਿਚਲਾ ਫ਼ਰਕ ਸੀ।
File
ਪ੍ਰਧਾਨ ਮੰਤਰੀ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕੁੱਝ ਕਦਮ ਚੁੱਕੇ ਹਨ ਅਤੇ ਕੁੱਝ ਕਦਮ ਪ੍ਰਧਾਨ ਮੰਤਰੀ ਟਰੂਡੋ ਵਲੋਂ ਵੀ ਚੁੱਕੇ ਗਏ ਹਨ। ਦੋਹਾਂ ਦੇ ਕਦਮਾਂ ਵਿਚ ਫ਼ਰਕ ਦਰਸਾਉਂਦਾ ਹੈ ਕਿ ਕਿਹੜਾ ਦੇਸ਼ ਸੁਪਰ ਪਾਵਰ ਬਣ ਚੁੱਕਾ ਹੈ ਅਤੇ ਕਿਹੜਾ ਦੇਸ਼ ਸੁਪਰ ਪਾਵਰ ਬਣਨ ਦੇ ਖ਼ਾਬ ਹੀ ਵੇਖ ਰਿਹਾ ਹੈ। ਜੋ ਕੁੱਝ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ, ਉਹ ਸੱਭ ਕਰਨ ਦੀ ਜ਼ਰੂਰਤ ਅੱਜ ਤੋਂ ਬਹੁਤ ਪਹਿਲਾਂ ਸੀ ਅਤੇ ਉਹ ਪ੍ਰਧਾਨ ਮੰਤਰੀ ਵਲੋਂ ਕਹੀਆਂ ਜਾਣ ਵਾਲੀਆਂ ਗੱਲਾਂ ਨਹੀਂ ਸਨ ਬਲਕਿ ਇਹ ਦਸਣ ਦਾ ਸਮਾਂ ਸੀ ਕਿ ਸਰਕਾਰ ਇਸ ਬਿਪਤਾ ਦਾ ਮੁਕਾਬਲਾ ਕਿਵੇਂ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਜਨਤਾ ਕਰਫ਼ੀਊ 16 ਘੰਟਿਆਂ ਵਾਸਤੇ ਲਗਾਇਆ ਜਾਵੇ। ਹੁਣ ਸੱਭ ਭਾਰਤੀ ਹੈਰਾਨ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਕਿ ਸੋਮਵਾਰ ਨੂੰ ਵੀ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ ਜਾਂ ਨਹੀਂ।
File
ਪ੍ਰਧਾਨ ਮੰਤਰੀ ਵਲੋਂ 16 ਘੰਟਿਆਂ ਦੇ ਬੰਦ ਦਾ ਮਤਲਬ ਨਾ ਸਮਝਣ ਕਾਰਨ ਦੇਸ਼ ਭਰ ਵਿਚ ਅਫ਼ਵਾਹਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਭਾਵੁਕ ਹੋਏ ਕਈ ਭਾਰਤੀ ਸੋਚ ਰਹੇ ਹਨ ਕਿ 14 ਘੰਟਿਆਂ ਵਿਚ ਇਸ ਕੋਵਿਡ-19 ਦੇ ਵਿਸ਼ਾਣੂ ਖ਼ਤਮ ਹੋ ਜਾਂਦੇ ਹਨ ਅਤੇ ਮੋਦੀ ਜੀ ਨੇ 16 ਘੰਟੇ ਬੰਦ ਕਰ ਕੇ ਸਾਰੇ ਭਾਰਤ ਨੂੰ ਸੁਰੱਖਿਅਤ ਕਰ ਦਿਤਾ ਹੈ। ਪਰ ਕੀ ਇਹ ਸੱਚ ਹੈ? ਵਿਸ਼ਵ ਸਿਹਤ ਸੰਗਠਨ ਦੀ ਜਾਂਚ ਨੇ ਸਿੱਧ ਕੀਤਾ ਹੈ ਕਿ ਕੋਵਿਡ-19 ਦੇ ਵਿਸ਼ਾਣੂ 9 ਦਿਨਾਂ ਤਕ ਕਿਸੇ ਸ਼ੀਸ਼ੇ ਜਾਂ ਲੱਕੜ ਦੀ ਚੀਜ਼ ਉਤੇ ਜਿਊਂਦੇ ਰਹਿ ਸਕਦੇ ਹਨ। ਸੋ ਫਿਰ ਇਨ੍ਹਾਂ 16 ਘੰਟਿਆਂ ਦੇ ਬੰਦ ਦਾ ਕੀ ਮਤਲਬ? ਕੀ ਘਰ ਵਿਚ ਆ ਕੇ ਸਿਹਤ ਮੁਲਾਜ਼ਮ ਜਾਂਚ ਕਰਨਗੇ? ਕੀ ਸਿਹਤ ਵਿਭਾਗ ਸਾਰੇ ਭਾਰਤ ਵਿਚ ਦਵਾਈ ਦਾ ਛਿੜਕਾਅ ਕਰੇਗਾ? ਅਫ਼ਵਾਹਾਂ ਫੈਲਾਉਣ ਵਾਲੇ ਨੂੰ ਕੈਦ ਵੀ ਕੀਤਾ ਜਾ ਸਕਦਾ ਹੈ ਪਰ ਜਦੋਂ ਸਰਕਾਰ ਦੀ ਅਧੂਰੀ ਗੱਲ ਹੀ ਅਫ਼ਵਾਹ ਦਾ ਕਾਰਨ ਬਣ ਰਹੀ ਹੈ ਤਾਂ ਫਿਰ ਬਾਕੀਆਂ ਬਾਰੇ ਕੀ ਕਹੀਏ?
File
ਮੋਦੀ ਜੀ ਨੇ ਬੜੀਆਂ ਹੋਰ ਪ੍ਰੇਰਨਾ-ਦਾਇਕ ਗੱਲਾਂ ਆਖੀਆਂ ਜਿਵੇਂ ਉਨ੍ਹਾਂ ਆਖਿਆ ਕਿ ਕਿਸੇ ਮੁਲਾਜ਼ਮ ਦੀ ਤਨਖ਼ਾਹ ਨਾ ਕੱਟੀ ਜਾਵੇ। ਪ੍ਰਧਾਨ ਮੰਤਰੀ ਟਰੂਡੋ ਨੇ ਵੀ ਇਹੀ ਆਖਿਆ ਕਿ ਉਹ 28 ਬਿਲੀਅਨ ਡਾਲਰ ਦੀ ਮਦਦ ਕੈਨੇਡਾ ਦੇ ਨਾਗਰਿਕਾਂ ਵਾਸਤੇ ਮੰਨਜ਼ੂਰ ਕਰ ਰਹੇ ਹਨ। ''ਜੇ ਕਿਸੇ ਨੂੰ ਇਲਾਜ ਵਾਸਤੇ ਪੈਸਾ ਚਾਹੀਦਾ ਹੈ, ਕਿਸੇ ਕੋਲ ਜੀ.ਐਸ.ਟੀ. ਭਰਨ ਵਾਸਤੇ ਪੈਸਾ ਨਾ ਹੋਵੇ, ਕਿਸੇ ਕੋਲ ਅਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਵਾਸਤੇ ਪੈਸੇ ਨਾ ਹੋਣ ਤਾਂ ਕੈਨੇਡਾ ਦੀ ਸਰਕਾਰ ਮਦਦ ਵਾਸਤੇ ਖੜੀ ਹੈ। ਘਬਰਾਉ ਨਾ, ਕੈਨੇਡਾ ਸਰਕਾਰ ਤੁਹਾਡੇ ਨਾਲ ਹੈ।'' ਭਾਰਤ ਕੋਲ ਅਪਣੇ ਲੋਕਾਂ ਦਾ ਹੌਸਲਾ ਵਧਾਉਣ ਲਈ 28 ਬਿਲੀਅਨ ਡਾਲਰ ਤਾਂ ਨਹੀਂ ਹੋਣਗੇ ਪਰ ਰਾਹਤ ਦੇਣ ਵਾਲੇ ਕੁੱਝ ਕਦਮ ਤਾਂ ਚੁੱਕੇ ਜਾ ਹੀ ਸਕਦੇ ਹਨ ਤਾਕਿ ਇਸ ਘੜੀ ਗ਼ਰੀਬ ਲੋਕ ਘਬਰਾਉਣ ਨਾ ਤੇ ਉਨ੍ਹਾਂ ਨੂੰ ਵੀ ਯਕੀਨ ਆ ਜਾਏ ਕਿ ਦੁੱਖ ਸੁੱਖ ਵੇਲੇ ਉਨ੍ਹਾਂ ਦੀ ਵੀ ਕੋਈ ਮਾਈ-ਬਾਪ ਵਰਗੀ ਸਰਕਾਰ ਹੈ।
File
ਅਜੇ ਕੋਵਿਡ-19 ਭਾਰਤ ਵਿਚ ਫੈਲਿਆ ਹੀ ਨਹੀਂ ਪਰ ਇਸ ਦਾ ਸੇਕ ਅਰਥਚਾਰੇ ਸਮੇਤ ਸੱਭ ਨੂੰ ਲੱਗ ਰਿਹਾ ਹੈ। ਘਾਟੇ ਵਿਚ ਜਾਂਦੇ ਉਦਯੋਗਾਂ ਨੂੰ ਵੱਡੀ ਰਿਆਇਤ ਦਿਤੀ ਜਾ ਸਕਦੀ ਸੀ, ਬੈਂਕਾਂ ਦੇ ਕਰਜ਼ੇ ਚੁਕਾਉਣ ਦੀ 30 ਦਿਨਾਂ ਦੀ ਬਗ਼ੈਰ ਜੁਰਮਾਨੇ ਤੋਂ ਛੋਟ ਦਿਤੀ ਜਾ ਸਕਦੀ ਹੈ। ਹਜ਼ਾਰਾਂ ਕਰੋੜ, ਬੈਂਕਾਂ ਦੇ ਘਾਟੇ ਵਾਸਤੇ ਕਢਿਆ ਜਾ ਸਕਦਾ ਹੈ ਤਾਂ ਅੱਜ ਦੇਸ਼ ਦੇ ਗ਼ਰੀਬ ਤੇ ਘਬਰਾਏ ਹੋਏ ਨਾਗਰਿਕ ਲਈ ਕੁੱਝ ਨਹੀਂ ਕੀਤਾ ਜਾ ਸਕਦਾ? ਤਾੜੀਆਂ ਵਜਾਉਣ ਨਾਲ ਕੀ ਸਾਡੀ ਸਰਕਾਰ ਅੰਦਰ ਅਪਣੇ ਨਾਗਰਿਕਾਂ ਪ੍ਰਤੀ ਹਮਦਰਦੀ ਜਾਗ ਜਾਵੇਗੀ? ਜੇ ਸਰਕਾਰ ਦੀ ਕੰਮ ਕਰਨ ਦੀ ਚਾਲ ਤੇਜ਼ ਹੋ ਜਾਵੇਗੀ ਤਾਂ ਤੇ ਉਹ ਰੋਜ਼ ਵੀ ਤਾੜੀਆਂ ਵਜਾ ਦੇਣਗੇ।
File
ਤਾੜੀਆਂ ਦੀ ਰੀਤ ਸਪੇਨ ਅਤੇ ਇਟਲੀ ਵਿਚ ਸ਼ੁਰੂ ਹੋਈ ਜਿਥੇ ਸਾਰੇ ਲੋਕ ਅਪਾਰਟਮੈਂਟ ਕੰਪਲੈਕਸਾਂ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇਸ਼ਾਂ ਦੇ ਸਿਹਤ ਵਿਭਾਗ ਅਣਥੱਕ ਕੰਮ ਕਰ ਰਹੇ ਹਨ। ਉਥੇ ਤਾੜੀਆਂ ਦੀ ਗੂੰਜ ਨਾਲ ਸਿਹਤ ਵਿਭਾਗ ਚਲਦਾ ਰਹੇਗਾ ਪਰ ਇਥੇ ਤਾਂ ਸਿਹਤ ਕਰਮਚਾਰੀਆਂ ਕੋਲ ਅਪਣੀ ਸੁਰੱਖਿਆ ਵਾਸਤੇ ਕਵਚ ਤਕ ਵੀ ਨਹੀਂ ਹਨ। ਇਸ ਸਮੇਂ ਬੜੀ ਸਮਝਦਾਰੀ ਨਾਲ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ। ਜਦੋਂ ਇਸ ਵਾਇਰਸ ਤੋਂ ਦੇਸ਼ ਵਾਸੀ ਬਚ ਜਾਣਗੇ ਤਾਂ ਤਾੜੀਆਂ ਵਜਾ ਲੈਣਗੇ। ਪਰ ਇਹ ਸਮਾਂ ਹੈ ਕੰਮ ਕਰਨ ਦਾ। ਉਹ ਕੰਮ ਜਿਸ ਨਾਲ ਦੇਸ਼ ਵਾਸੀਆਂ ਨੂੰ ਬਚਾਇਆ ਜਾ ਸਕੇ। ਵਕਤ ਹੈ ਇਹ ਵਿਖਾਉਣ ਦਾ ਕਿ ਅਸੀਂ ਸਿਰਫ਼ ਭਾਸ਼ਣ-ਕਲਾ ਦੇ ਹੀ ਮਾਹਰ ਨਹੀਂ ਬਲਕਿ ਸਾਡੇ ਕੰਮ ਸਾਨੂੰ ਸੁਪਰਪਾਵਰ ਬਣਨ ਦੇ ਕਾਬਲ ਬਣਾਉਂਦੇ ਹਨ। -ਨਿਮਰਤ ਕੌਰ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।