
ਲੋਕ ਸਭਾ ਚੋਣਾਂ ਲਈ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਆਪਣੇ ਦਿੱਤੇ ਬਿਆਨ ਕਾਰਨ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ।
ਮੱਧ ਪ੍ਰਦੇਸ਼: ਲੋਕ ਸਭਾ ਚੋਣਾਂ ਲਈ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਆਪਣੇ ਦਿੱਤੇ ਬਿਆਨ ਕਾਰਨ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ। ਸਾਧਵੀ ਪ੍ਰੱਗਿਆ ਨੇ ਸ਼ਨੀਵਾਰ ਨੂੰ ਇਕ ਮੁਹਿੰਮ ਦੌਰਾਨ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਰਾਮ ਮੰਦਿਰ ਨਿਸ਼ਚਿਤ ਰੂਪ ਵਿਚ ਬਣਾਇਆ ਜਾਵੇਗਾ ਅਤੇ ਇਹ ਇਕ ਸ਼ਾਨਦਾਰ ਮੰਦਰ ਹੋਵੇਗਾ। ਜਦੋਂ ਉਹਨਾਂ ਕੋਲੋਂ ਰਾਮ ਮੰਦਿਰ ਨੂੰ ਬਣਾਉਣ ਲਈ ਸਮੇਂ ਦੀ ਸੀਮਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਮੰਦਿਰ ਦਾ ਨਿਰਮਾਣ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਬਾਬਰੀ ਮਸਜਿਦ ਦੇ ਢਾਂਚੇ ਨੂੰ ਢਾਹੁਣ ਲਈ ਵੀ ਤਾਂ ਗਏ ਹੀ ਸੀ।
BJP Bhopal candidate Sadhvi Pragya
ਸਾਧਵੀ ਪ੍ਰੱਗਿਆ ਨੇ ਬਾਬਰੀ ਮਸਜਿਦ ਵਿਚ ਆਪਣੀ ਅਹਿਮ ਭੂਮਿਕਾ ਵੀ ਦੱਸੀ। ਉਸਨੇ ਕਿਹਾ ਕਿ ਉਹ ਨਾ ਸਿਰਫ ਬਾਬਰੀ ਮਸਜਿਦ ‘ਤੇ ਚੜੀ ਸੀ ਬਲਕਿ ਉਸਨੇ ਉਸ ਨੂੰ ਢਾਹੁਣ ਵਿਚ ਵੀ ਮਦਦ ਕੀਤੀ ਸੀ। ਉਸਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਪ੍ਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਅਤੇ ਮੈਂ ਇਹ ਕੰਮ ਕੀਤਾ । ਉਸਨੇ ਇਹ ਵੀ ਕਿਹਾ ਕਿ ਅਸੀਂ ਰਾਮ ਮੰਦਿਰ ਬਣਾਵਾਂਗੇ।
Election Commission of India
ਸਾਧਵੀ ਪ੍ਰੱਗਿਆ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੋਣ ਕਮੀਸ਼ਨ ਨੇ ਉਹਨਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਸਿਰਫ ਇਹੀ ਨਹੀਂ ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਵੀਐਲ ਕਾਂਤਾ ਰਾਓ ਨੇ ਚੇਤਾਵਨੀ ਦਿੰਦੇ ਹੋਏ ਸਾਰੀਆਂ ਸਿਆਸੀ ਪਾਰਟੀਆਂ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਵਾਰ ਵਾਰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਹੋ ਸਕਦੀ ਹੈ।
Ram Mandir
ਦੱਸ ਦਈਏ ਕਿ ਸਾਧਵੀ ਪ੍ਰੱਗਿਆ ਆਪਣੇ ਬਿਆਨਾਂ ਨੂੰ ਲੈ ਕੇ ਕਾਫੀ ਚਰਚਾ ਵਿਚ ਹੈ। ਸਾਧਵੀ ਪ੍ਰੱਗਿਆ ਨੇ ਪਿਛਲੇ ਦਿਨੀਂ 2008 ਦੇ ਮੁੰਬਈ ਹਮਲੇ ਵਿਚ ਸ਼ਹੀਦ ਹੋਏ ਏਐਸ ਚੀਫ ਹੇਮੰਚ ਕਰਕਰੇ ‘ਤੇ ਇਤਰਾਜ਼ਯੋਗ ਟਿੱਪਣੀ ਵੀ ਕੀਤੀ ਸੀ। ਉਹਨਾਂ ਨੇ ਕਰਕਰੇ ਦੀ ਸ਼ਹਾਦਤ ‘ਤੇ ਸਵਾਲ ਉਠਾਉਂਦੇ ਹੋਏ ਉਹਨਾਂ ਨੂੰ ਸ਼ਰਾਪ ਦੇਣ ਦੀ ਗੱਲ ਕਹੀ ਸੀ।